ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੁਟ

ਫੁਟ ਦੀ ਬੀਮਾਰੀ ਭੈੜੀ ਡਾਕੀ ਤੇ ਤਾਊਨ ਕੋਲੋਂ,
ਲਾਇਆ ਰੋਗ ਚੰਦਰੇ ਸ਼ਤਾਨ ਨੇ ਜਹਾਨ ਨੂੰ।
ਸੋਨੇ ਵਾਲੀ ਲੰਕਾ ਏਸੇ ਸਾੜ ਕੇ ਸੁਆਹ ਕੀਤੀ,
'ਦਲ' ਵੀ ਨਾ 'ਦਲ' ਸਕੇ ਕੱਲੇ ਹਨੂੰਮਾਨ ਨੂੰ।
ਘਰ ਜਦੋਂ ਕੈਰਵਾਂ ਤੇ ਪਾਂਡਵਾਂ ਤੇ ਪਈ ਆ ਕੇ,
ਮਲੀਆ ਮੇਟ ਕੀਤਾ ਫੜ ਭਾਰਤ ਦੀ ਸ਼ਾਨ ਨੂੰ।
ਢਾਹ ਢੇਰੀ ਕਰ ਦੇਂਦੀ ਉਚੀਆਂ ਅਟਾਰੀਆਂ ਨੂੰ,
ਫੁਟ ਜਦੋਂ ਆਂਵਦੀ ਹੈ ਜ਼ਰਾ ਕੁ ਮਕਾਨ ਨੂੰ।
ਫੁਟ ਜਦੋਂ ਆਂਵਦੀ ਏ ਜ਼ਰਾ ਕਿਤੇ ਕਪੜੇ ਨੂੰ,
ਲਥਦੇ ਲੰਗਾਰ ਚਿਤ ਕਰੇ ਨਾ ਹੰਡਾਣ ਨੂੰ।
ਮਾਸਾ ਫੁਟ ਆਂਵਦੀ ਏ ਜਦੋਂ ਕਿਤੇ ਤੌੜੀ ਤਾਈਂ,
ਅਗ ਸਾੜ ਸੁਟਦੀ ਏ ਸਾਰੇ ਪਕਵਾਨ ਨੂੰ।
ਮਾਸਾ ਫੁਟ ਆਂਵਦੀ ਏ ਜਦੋਂ ਖਰਬੂਜ਼ੇ ਤਾਈਂ,
ਲਗ ਜਾਂਦਾ ਕੀੜਾ ਦਿਲ ਕਰਦਾ ਨਾ ਖਾਣ ਨੂੰ।
ਮਾਸਾ ਫੁਟ ਆਂਵਦੀ ਜਾਂ ਬੇੜੀਆਂ ਜਹਾਜ਼ਾਂ ਤਾਈਂ,
ਤੈਰ ਨਹੀਂ ਸਕਦੇ ਉਹ ਸਾਗਰੀ ਤੁਫਾਨ ਨੂੰ।
ਜ਼ਰਾ ਜਿੰਨੀਂ ਫੁਟ ਜਦੋਂ ਔਂਦੀ ਤਲਵਾਰ ਤਾਈਂ,
ਸੂਰਮਾਂ ਨਹੀਂ ਓਦੋਂ ਜਿਤ ਸਕਦਾ ਮੈਦਾਨ ਨੂੰ।

੨੯-