ਪੰਨਾ:ਉਪਕਾਰ ਦਰਸ਼ਨ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰਹਾਂ ਕੋਲੋਂ ਸੱਸਾਂ ਦਾ ਏਹ ਝਾਟਾ ਪੁਟਵਾਂਵਦੀ ਏ,
ਸੂਲੀ ਤੇ ਚੜ੍ਹਾਉਂਦੀ ਚਾ ਸਾਰੇ ਖਾਨਦਾਨ ਨੂੰ
ਟੈਂਕਾਂ ਦਿਆਂ ਟਾਂਕਿਆਂ 'ਚ ਫੁਟ ਜਦੋਂ ਫੁਟਦੀ ਏ,
ਜਰਾ ਨਹੀਂ ਸਰ ਕਰ ਸਕਦੇ ਮੈਦਾਨ ਨੂੰ
ਲਕੜੀ ਦੇ ਮੋਛਿਆਂ 'ਚ ਫੁਟ ਜਦੋਂ ਆਵਦੀ ਏ,
ਫਾੜਿਆਂ ਦੀ ਲੋੜ ਨਹੀਂ ਪੈਂਦੀ ਤਰਖਾਨ ਨੂੰ
ਜੋਧਿਆਂ ਨੂੰ ਪੋਲੇ ਮੂੰਹੀ ਗਰੀ ਵਾਂਗੂੰ ਚਬ ਲਵੇ,
ਕੀਤਾ ਕਿੰਜ ਨਾਸ ਏਸ ਜਰਮਨ ਜਪਾਨ ਨੂੰ
ਹਿੰਦੂਆਂ ਤੇ ਮੋਮਨਾਂ ਦੇ ਦਿਲਾਂ 'ਚ ਜਾਂ ਆਈ ਫੁਟ,
ਟੋਟੇ ਟੋਟੇ ਕੀਤੇ ਦੇਸ ਰੰਗਲੇ ਦੀ ਸ਼ਾਨ ਨੂੰ
ਬੰਨ੍ਹ ਜਦੋਂ ਟੁਟ ਜਾਂਦੇ ਬਝੀਆਂ ਬਹਾਰੀਆਂ ਦੇ,
ਚਿੜੀਆਂ ਲੈ ਜਾਣ ਤੀਲੇ ਆਲ੍ਹਣੇ ਬਨਾਣ ਨੂੰ
ਛਡੋ ਭਲੇਮਾਨਸੋ ਪਿਆਰ ਏਸ ਚੰਦਰੀ ਦਾ,
ਕੈਮ ਜੇ ਤਾਂ ਰਖਣਾ ਜੇ ਵਡਿਆਂ ਦੀ ਆਨ ਨੂੰ
ਇਕ ਇਕ ਇਟ ਰਲ ਬਣਨ ਜਦੋਂ ਕਿਲ੍ਹੇ ਕੋਟ,
ਬਣਦੇ ਨੇ ਮੋਰਚੇ ਮੈਦਾਨੀ ਫਤਹਿ ਪਾਣ ਨੂੰ
ਜਥੇ ਬੰਦੀ ਵਿਚ ਈ 'ਅਨੰਦ' ਸਭ ਬਰਕਤਾਂ ਨੇ,
ਠੇਡੇ ਜਗ ਮਾਰਦਾ ਏ ਕਲੇ ਇਨਸਾਨ ਨੂੰ

-੩੦-