ਪੰਨਾ:ਉਪਕਾਰ ਦਰਸ਼ਨ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਚੂਹੜਿਆਂ ਲੈ ਕੇ ਜਨਮ ਓਸ,
ਜੱਟਾਂ ਦੀ ਕਾਰ ਸੰਭਾਰੀ ਏ।
ਜਿਸ ਸਿਰ ਤੇ ਮੁਕਟ ਸਜਾਂਦਾ ਸੀ,
ਉਸ ਸਿਰ ਤੇ ਚੁਕੀ ਖਾਰੀ ਏ।

ਜਿਸ ਜਾਮੇਂ ਉਤੇ ਰੋਜ਼ ਅਤਰ,
ਇਸ਼ਨਾਨ ਪਿਛੋਂ ਛਿੜਕਾਂਦਾ ਏ।
ਤਕਿਆ ਉਸ ਨੇ ਉਸ ਜਾਮੇਂ 'ਚੋਂ,
ਅਜ ਮੈਲਾ ਵਗਦਾ ਜਾਂਦਾ ਏ।

ਫਿਰ ਸ਼ਾਦੀ ਹੋਈ ਪੁਤ ਹੋਏ,
ਪੁਤਾਂ ਘਰ ਨਾਰਾਂ ਆਈਆਂ ਨੇ।
ਇਉਂ ਸੱਠ ਸਾਲ ਉਸ ਟੋਕਰੀਆਂ,
ਜੱਟਾਂ ਦੀਆਂ ਸਿਰ ਤੇ ਚਾਈਆਂ ਨੇ।

ਸਠ ਸਾਲ ਹੋਏ ਤਾਂ ਦੁਨੀਆਂ ਤੇ,
ਇਕ ਕਾਲ ਪਿਆ ਆ ਭਾਰੀ ਏ।
ਵਣ ਉਤੋਂ ਪੀਲੂੰ ਲਾਹੁੰਦੇ ਦਾ,
ਡਿਗ ਲਾ ਗਿਆ ਭੌਰ ਉਡਾਰੀ ਏ।

ਪੁਤ ਮੁਰਦਾ ਉਸ ਦਾ ਚੁਕ ਤੁਰੇ,
ਮਿੱਟੀ ਦੇ ਹੇਠ ਦਬਾਵਨ ਨੂੰ।
ਬੰਨ੍ਹ ਸੰਦਲਾ ਪਿਛੇ ਤੁਰ ਪਈਆਂ,
ਨੂੰਹਾਂ ਪਿੱਟਨ ਕੁਰਲਾਵਨ ਨੂੰ।

-੩੩-