ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/40

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਮੈਂ ਦੂੰਹ ਨੈਨਾਂ 'ਚੋਂ 'ਨੂਹ-ਨਦੀ', ਫੜ ਹੁਣੇ ਵਗਾਵਾਂ।
ਦਿਲ ਕਰਦਾ ਜ਼ਾਲਮ ਰਾਜ ਨੂੰ ਚਾ ਹੁਣੇ ਖਪਾਵਾਂ।

ਮੈਂ ਮੱਖੀ ਵਾਂਗੂੰ ਦਲ ਦਿਆਂ, ਮੂਜੀ ਜਰਵਾਣੇ ।
ਮੈਥੋਂ ਨਹੀਂ ਵੇਖੇ ਜਾਂਵਦੇ, ਏਦਾਂ ਦੇ ਭਾਣੇ ।

ਹਾਏ ਕਿਥੇ ਗਏ ਨੇ ਪਾਤਸ਼ਾਹ, ਅਜ ਤਖਤ ਸੁਨਹਿਰੀ।
ਤੇ ਕਿਥੇ ਗਏ ਨੇ ਚੋਬਦਾਰ, ਲੈ ਚੌਰ ਰੁਪਹਿਰੀ।

ਮੈਂ ਧਰਤੀ ਫੜ ਵਗਾ ਦਿਆਂ, ਅਰਸ਼ਾਂ ਦੇ ਵਲੇ।
ਜਾਂ ਅੰਬਰ ਤਾਈਂ ਤਰੋੜ ਕੇ ਸੁਟ ਦੇਵਾਂ ਥਲੇ।

ਨਹੀਂ ਐਵੇਂ ਕਹਿੰਦਾ ਪਾਤਸ਼ਾਹ, ਕਰ ਕੇ ਦਖਲਾਵਾਂ।
ਇਸ ਲਟ ਲਟ ਕਰਦੀ ਅੱਗ ਨੂੰ, ਗੁਲਜ਼ਾਰ ਬਨਾਵਾਂ।

ਤਦ ਹਸ ਕੇ ਕਹਿੰਦੇ ਸਤਗੁਰੂ, ਕਰ ਧੀਰਜ ਸਾਂਈ।
'ਹੋਣਹਾਰ ਸੋ ਹੋਇ' ਹੈ, ਨਾ ਕਹਿਰ ਕਮਾਂਈ।

ਐਹ ਮੁਠੀ ਮੇਰੀ ਵਿਚ ਵੇਖ, ਜਗ ਸਾਰਾ ਫੜਿਆ।
ਹੈ ਭਜਣਾ ਭਾਂਡਾ ਵਲੀ ਜੀ, ਜੋ ਕੁਦਰਤ ਘੜਿਆ।

ਜੇ ਬਹਿ ਸੋਨੇ ਦੇ ਤਖਤ ਤੇ, ਨਹੀਂ ਖੁਸ਼ੀ ਮਨਾਈ।
ਤਾਂ ਬਹਿ ਕੇ 'ਤਤੀ ਤਵੀ' ਤੇ, ਕਿਉਂ ਦਿਆਂ ਦੁਹਾਈ।

ਮੈਨੂੰ ਤਖਤ, ਤਵੀ, ਵਿਚ ਜਾਪਦਾ,ਹੁਣ ਫਰਕ ਨਾ ਮਾਸਾ।
ਤੂੰ ਕਹਿਰ ਹੈਂਂ ਜਿਸ ਨੂੰ ਜਾਣਦਾ, ਮੈਂ ਸਮਝਾਂ ਹਾਸਾ।

ਮੈਂ ਗੰਦੀ ਮੋਰੀਓਂ 'ਸ਼ੀਸ਼ ਮਹਿਲ' ਅਜ ਹੈਨ ਬਨਾਣੇ।
ਹਨ ਮਿਠੇ ਮੈਨੂੰ ਲਗਦੇ, 'ਸਾਹਿਬ ਦੇ ਭਾਣੇ'।

-੪੦-