ਪੰਨਾ:ਉਪਕਾਰ ਦਰਸ਼ਨ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੰਗਲ ਫਿਰਣ ਗਿਆ ਬੰਨੇ ਭਾਈ ਮਾਧੋ,
ਰਾਹੀ ਉਤਰ ਚੁਬਾਰੇ 'ਚੋਂ ਆਂਵਦਾ ਏ।
ਦਾਉ ਤਾੜ ਕੇ ਸਿਖਣੀ ਤੇ ਬਾਲ ਬੱਚਾ,
ਮਿੰਟਾਂ ਵਿਚ ਈ ਸਾਰਾ ਝਟਕਾਂਵਦਾ ਏ।
ਬੰਨ੍ਹ ਪੋਟਲੀ ਟੂੰਬਾਂ ਦੀ ਉਠ ਤੁਰਿਆ,
ਬੁਕਲ ਮਾਰ ਕੇ ਕਛੇ ਛੁਪਾਂਵਦਾ ਏ।
ਬਾਹਰ ਨਿਕਲਦੇ ਮਿਲ ਪਿਆ ਭਾਈ ਮਾਧੋ,
ਧੜਕੇ ਦਿਲ ਨਾ ਬੋਲਿਆ ਜਾਂਵਦਾ ਏ।

ਡਿਗ ਪਈ ਪੋਟਲੀ ਟੂੰਬਾਂ ਦੀ ਕਛ ਵਿਚੋਂ,
ਜਦੋਂ ਸਤ ਕਰਤਾਰ ਬੁਲਾਣ ਲੱਗਾ।
ਉਹਦੇ ਹੱਥ ਫੜਾਇ ਕੇ ਭਾਈ ਮਾਧੋ,
ਹੱਥ ਜੋੜ ਕੇ ਏਦਾਂ ਸੁਨਾਣ ਲੱਗਾ।

ਮਹਾਰਾਜ ਜੀ ਲੋੜ੍ਹੇ ਦਾ ਸੀਤ ਪੈਂਦਾ,
ਚਿਕੜ ਬੜਾ ਏ ਤੁਰਿਆ ਤੇ ਜਾਂਵਦਾ ਨਹੀਂ।
ਪੌਣ ਚੀਰ ਸਰੀਰ ਨੂੰ ਕਰੇ ਕਾਚੂ,
ਅੱਖ ਬਦਲ ਵੀ ਅਜੇ ਤਾਂ ਚਾਂਵਦਾ ਨਹੀਂ।
ਏਨੇ ਕਹਿਰ ਵਿਚ ਸਿਖ ਨੂੰ ਘਰੋਂ ਕੱਢਾਂਂ,
ਮੇਰਾ ਗੁਰੂ ਏਹ ਮੈਨੂੰ ਫਰਮਾਂਵਦਾ ਨਹੀਂ।
ਚਲੇ ਜਾਣਾ ਬੇਸ਼ਕ ਪਰਸ਼ਾਦ ਛਕ ਕੇ,
ਇਕ ਘੜੀ ਵੀ ਫੇਰ ਅਟਕਾਂਵਦਾ ਨਹੀਂ।

-੪੯-