ਪੰਨਾ:ਉਪਕਾਰ ਦਰਸ਼ਨ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਗ ਦੇ ਚੰਗਾੜੇ ਪਏ ਜ਼ਮੀਨ ਵਿਚੋਂ ਨਿਕਲਦੇ ਨੇ,
ਰਾਵੀ ਪਈ ਖੌਲਦੀ ਜਿਉਂ ਕੁਤੀ ਹਲਕਾਈ ਏ।
ਸਾੜ ਪਿਆ ਸਾਰੇ ਸੰਸਾਰ ਵਿਚ ਵੰਡਦਾ ਏ,
ਦਸ ਏਹਦੇ ਨਾਲ ਕਿਉਂ ਨਾ ਠੰਡ ਤੂੰ ਰਲਾਈ ਏ।
ਜੇ ਤਾਂ ਹੈ ਬਣਾਈ ਕਿਉਂ ਨਹੀਂ ਵੰਡਦਾ ਤੂੰ ਖੁਲ੍ਹੇ ਦਿਲ,
ਸ਼ੂਮਾਂ ਵਾਂਗੂੰ ਘੁਟ ਘੁਟ ਕਾਸ ਨੂੰ ਛੁਪਾਈ ਏ।
ਸਾਰਾ ਬ੍ਰਹਿਮੰਡ ਪਿਆ ਡੋਲ ਵਾਂਗੂੰ ਡੋਲਦਾ ਏ,
ਲੋਆ ਭਠ ਲੌਨੀਆਂ ਨੇ ਚੰਮੜੀ ਸੁਕਾਈ ਏ।
ਕਿਹਾ ਮਹਾਰਾਜ ਅਗੋਂ ਸੁਣ ਗਲ ਭਲੇ ਲੋਕਾ,
ਮੈਂ ਤਾਂ ਇਕੋ ਜੇਹੀ ਠੰਡ, ਤਪਸ਼ ਚਲਾਈ ਏ।
ਪਰ ਸਾਰੀ ਠੰਡ ਮੈਥੋਂ ਅਰਜਨ ਗੁਰੂ ਲੈ ਗਿਆ ਏ,
ਵੇਖ ਲੈ ਭੰਡਾਰੇ ਖੋਹਲ ਕਿਤੇ ਲੁਕਾਈ ਏ।
ਚੰਦ ਨੇ ਵੀ ਥੋੜੀ ਜੇਹੀ ਉਸ ਤੋਂ ਉਧਾਰੀ ਲੀਤੀ,
ਸਾਰੇ ਸੰਸਾਰ ਵਿਚ ਪਾਈ ਵਡਿਆਈ ਏ।
ਜੇਹੜੇ ਉਹਦੇ ਚਰਨਾਂ ਤੇ ਰਖਦੇ ਭਰੋਸਾ ਸਦਾ,
ਓਹਨਾਂ ਨੂੰ ਨਾ ਜਾਪਦੀ ਤਪਸ਼ ਦੁਖਦਾਈ ਏ।
ਜਿਨ੍ਹਾਂ ਨੇ ਭੁਲਾਇਆ ਉਹਨੂੰ ਸੜਨ ਪਏ'ਅਨੰਦ'ਸਦਾ,
ਉਹਨਾਂ ਨੇੜੇ ਠੰਡ ਕਦੇ ਭੁਲ ਕੇ ਨਾ ਆਈ ਏ

-੫੩-