ਪੰਨਾ:ਉਪਕਾਰ ਦਰਸ਼ਨ.pdf/60

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਇਕਦਿਨ ਸੰਗਤ ਕਸ਼ਮੀਰ ਦੀ, ਆ ਕੇ ਕੁਰਲਾਈ।
ਹੁਣ ਕਰੋ ਬੌਹੜੀ ਗੁਰੂ ਜੀ, ਹੈ ਰਾਮ ਦੁਹਾਈ।
ਹੁਣ ਪਰਜਾ ਬਦਲੇ ਬਾਦਸ਼ਾਹ, ਬਣ ਗਏ ਕਸਾਈ।
ਹੁਣ ਗੁੰਡੇ ਭੂਹੇ ਚੜ੍ਹ ਗਏ, ਕਤਲਾਮ ਮਚਾਈ।
ਜੋ ਗੁਰੂ ਨਾਨਕ ਨੇ ਧਰਮ ਦੀ, ਸੀ ਵੇਲ ਲਗਾਈ।
ਜੇ ਢਿਲ ਹੋਈ ਤਾਂ ਓਸਦੀ, ਹੋ ਜਾਊ ਸਫਾਈ।
ਹੈ ਭੁਲ ਕਦੇ 'ਸਤਿਨਾਮ', ਦੀ ਰਟ ਕਿਸੇ ਜੇ ਲਾਈ।
ਗਈ ਉਹਦੇ ਮੂੰਹੋਂ ਪਿਤਾ ਜੀ, ਝਟ ਜੀਭ ਖਚਾਈ।

ਵਿਚਾਰਾਂ

ਏਹ ਸੁਣਦੇ ਹੀ ਚੁਪ ਛਾ ਗਈ ਇਉਂ ਇਕੋ ਵਾਰਾਂ।
ਜਿਉਂ ਸਿਖਰ ਦੁਪਹਰੇ ਰਾਤ ਦੇ ਵਜ ਜਾਵਣ ਬਾਰਾਂ।
ਫਿਰ ਗਈਆਂ ਅਖਾਂ ਸਾਹਮਣੇ, ਖੂੰਨੀ ਤਲਵਾਰਾਂ।
ਬੰਨ੍ਹ ਅਧੜ ਵੰਜੇ ਪਿਟਦੀਆਂ ਮਾਸੂਮ ਗੁਟਾਰਾਂ।
ਨਾਲ ਸਿਖਾਂ ਦੇ ਹੋ ਗਈਆਂ, ਹੁਣ ਸ਼ੁਰੂ ਵਿਚਾਰਾਂ।
ਏਹ ਜ਼ੁਲਮ ਜਬਰ ਨਹੀਂ ਰੁਕਨਾ, ਬਾਝੋਂ ਹਥਿਆਰਾਂ।

ਤਦ ਬਾਲਾਂ ਦੇ ਸੰਗ ਖੇਡਦੇ ਦਸਮੇਸ਼ ਪਿਆਰੇ।
ਉਮਰ ਸੀ ਨਾਵੇਂ ਸਾਲ ਦੀ, ਵਡਿਆਂ ਦੇ ਕਾਰੇ।
ਆ ਪਹੁੰਚੇ ਵਿਚ ਦਰਬਾਰ ਦੇ, ਛਡੇ ਜੈਕਾਰੇ।
ਉਹਨਾਂ ਮਾਤਮ ਛਾਇਆ ਵੇਖਿਆ, ਤੇ ਸਹਿਮੇ ਸਾਰੇ।
ਪਏ ਛੰਮ ਛੰਮ ਹੰਝੂ ਡਿਗਦੇ, ਜਿਉਂ ਵਹਿਣ ਫੁਹਾਰੇ।

-੬੦-