ਪੰਨਾ:ਉਪਕਾਰ ਦਰਸ਼ਨ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੰਗ ਹੋ ਗਏ ਪੀਲੇ ਭੂਕਨੇ, ਚਿੰਤਾ ਦੇ ਮਾਰੇ।
ਸਭ ਰਾਗੀ ਬੈਠੇ ਰਾਗ ਛਡ, ਗੁਲ ਹੋਏ ਨਜ਼ਾਰੇ।
ਉਹਨਾਂ ਬਹਿ ਬਾਪੂ ਦੀ ਗੋਦ ਵਿਚ, ਇਉਂ ਬਚਨ ਉਚਾਰੇ।

ਦਸੋ ਬਾਪੂ ਜੀ ਲੋਗ ਏਹ ਕਿਉਂ ਜੇ ਕੁਰਲਾਂਦੇ।
ਏਹ ਦੁਖੀਏ ਕੀਹ ਨੇ ਮੰਗਦੇ, ਨਹੀਂ ਭਿਛਿਆ ਪਾਂਦੇ।
ਅਜ ਮਾਤਮ ਕਿਉਂ ਏਂ ਛਾਇਆ, ਸਭ ਦਿਸਦੇ ਮਾਂਦੇ।
ਵਾਲ ਮੁਛਾਂ ਦੇ ਕਿਉਂ ਨਹੀਂ ਅਖ ਉਤਾਂਹ ਉਠਾਂਦੇ।
ਏਹ ਅਬਲਾਵਾਂ ਕੀਹ ਕਹਿੰਦੀਆਂ, ਕੀਹ ਵਿਪਰ ਸੁਣਾਂਦੇ।
ਜੋ ਸ਼ਰਨ ਆਵੇ ਗਲ ਲਾ ਲਵੋ, ਏਹ ਬਿਰਧ ਧੁਰਾਂ ਦੇ।

ਤਦ ਬਾਪੂ ਜੀ ਨੇ ਆਖਿਆ, ਸੁਣ ਲਾਲ ਪਿਆਰੇ।
ਏਹ ਛੰਮ ਛੰਮ ਰੋਵਨ ਵਾਲੜੇ, ਸਭ ਨੇ ਦੁਖਿਆਰੇ।
ਏਹ ਪਾਂਡੇ ਨੇ ਕਸ਼ਮੀਰ ਦੇ ਕਰਮਾਂ ਦੇ ਮਾਰੇ।
ਭਠ ਸ਼ਰਾ ਦੇ ਭਖ ਪਏ ਹਨ ਥਾਂ ਥਾਂ ਸਾਰੇ।
ਹਨ ਧਾਣਾਂ ਵਾਂਗੂੰ ਭੁਜ ਰਹੇ, ਵਿਚ ਹਿੰਦੂ ਸਾਰੇ।
ਸਭ ਰਾਜ ਪੂਤ ਤੇ ਗੋਰਖੇ, ਹੋ ਗਏ ਨਿਕਾਰੇ।
ਏਹ ਮਦਦ ਸਾਥੋਂ ਮੰਗਦੇ ਆ ਡਿਗੇ ਦਵਾਰੇ।
ਕਿਸੇ ਮਹਾਂ ਪੁਰਖ ਦੀ ਰਤ ਹੀ, ਅਗ ਬਲਦੀ ਠਾਰੇ।

ਤਦ ਬੇਲੇ ਸ੍ਰੀ ਦਸਮੇਸ਼ ਜੀ ਰੋਹ ਅੰਦਰ ਆ ਕੇ।
ਤੁਸੀ ਅਗ ਬੁਝਾਵੋ ਜ਼ੁਲਮ ਦੀ, ਰਤ ਆਪਣੀ ਪਾ ਕੇ।
ਮੈਂ ਸੋਧਾਂਗਾ ਇਸ ਰਾਜ ਨੂੰ ਖੰਡਾ ਖੜਕਾ ਕੇ।
ਤੇ ਨਹੀਂ ਚੰਗਾ ਹੁਣ ਬੈਠਣਾ, ਹਥ ਮਾਲਾਂ ਚਾ ਕੇ।

-੬੧-