ਪੰਨਾ:ਉਪਕਾਰ ਦਰਸ਼ਨ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਣਾ

ਹੋਣੀ ਬੜੀ ਪਰਬਲ ਹੈ ਵਰਤ ਜਾਂਦੀ ਕੁਲ ਉਤੇ,
ਪੀਰਾਂ ਅਵਤਾਰਾਂ ਤੇ ਵੀ ਚੁਕ ਲਏ ਕਟਾਰੀਆਂ।
ਸੋਨੇ ਵਾਲੀ ਲੰਕਾ ਏਹਨੇ ਸਾੜ ਕੇ ਸੁਆਹ ਕੀਤੀ,
ਰਾਮ, ਸੀਤਾ ਜੰਗਲਾਂ 'ਚ ਉਮਰਾਂ ਗੁਜ਼ਾਰੀਆਂ।
ਕੈਰਵਾਂ ਤੇ ਪਾਂਡਵਾਂ ਦੇ ਅੰਦਰ ਵਿਰੋਧ ਪਾ ਕੇ,
ਮਾਰੇ ਚੁਕ ਭਾਰਤ ਦੇ ਗਭਰੂ ਤੇ ਨਾਰੀਆਂ।
ਯੂਸਫ ਨੂੰ ਖੂਹੇ ਵਿਚ ਸੁਟ ਦਿਤਾ ਚੰਦਰੀ ਨੇ,
ਰੋ ਰੋ ਕੇ ਯਾਕੂਬ ਨਬੀ ਢਾਹਾਂ ਉਦੋਂ ਮਾਰੀਆਂ।
ਸੁਲੇਮਾਨ ਨਬੀ ਤਾਈਂ ਸੁਟਿਆ ਤਖਤ ਉਤੋਂ,
ਭਠ ਤਾਂ ਝੁਕਾਏ ਉਹ ਦੇ ਕੋਲੋਂ ਭਠਿਆਰੀਆਂ।
ਸੂਲੀ ਉਤੇ ਟੰਗਿਆ ਸ਼ੰਮਸ਼ ਤਬਰੇਜ਼ ਤਾਈਂ,
ਪਾਪਨ ਨੇ ਖਲਾਂ ਫੜ ਪੁਠੀਆਂ ਉਤਾਰੀਆਂ।
ਹਾਥੀ ਦਿਆਂ ਪੈਰਾਂ ਨਾਲ ਬੰਨ੍ਹ ਧੂਹਿਆ ਬੰਦੇ ਤਾਈਂ,
ਕੰਬਦੀਆਂ ਜਿਹਦੇ ਕੋਲੋਂ ਖਲਕਤਾਂ ਸੀ ਸਾਰੀਆਂ।
ਹਿਟਲਰ ਦਾ ਹਾਲ ਜਿਵੇਂ ਫੜ ਏਸ ਬੁਰਾ ਕੀਤਾ,
ਉਠਣ ਲੂੰ ਕੰਡੇ ਸੀਨੇ ਚਲਦੀਆਂ ਨੇ ਆਰੀਆਂ।
ਪਸ਼ੂਆਂ ਦੇ ਵਾਂਗ ਸ਼ਾਹ ਜਹਾਂ ਨੂੰ ਚੁਆਏ ਘਾਹਾ,
ਰਾਜੇ ਹਰੀ ਚੰਦ ਨੂੰ ਚੁਕਾਈਆਂ ਏਹਨੇ ਖਾਰੀਆਂ।
ਫਿਰਊਨ, ਦਾਦ, ਨਮਰੂਦ, ਬਰਬਾਦ ਕੀਤੇ,
ਨਾਦਰ, ਉਰੰਗੇ ਨੂੰ ਬਣਾਈਆਂ ਕਿਵੇਂ ਭਾਰੀਆਂ।

-੬੫-