ਪੰਨਾ:ਉਪਕਾਰ ਦਰਸ਼ਨ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਟਣੇ ਦੇ ਬਾਲ

ਕਠੇ ਹੋ ਗਏ ਪਟਣੇ ਦੇ ਬਾਲ ਤਿਰਕਾਲਾਂ ਵੇਲੇ,
ਕਹਿਣ ਦਸਮੇਸ਼ ਗੁਣ ਆਪਣੇ ਵਖਾਓ ਸਾਰੇ।
ਲੁਕਨ ਮੀਟੀ,ਖਿਧੋ ਖੁੰਡੀ,ਗੁਲੀ ਡੰਡਾ ਖੇਡਨਾ ਨਹੀਂ,
ਨਵੀਂ ਕੋਈ ਖੇਡ ਖੇਡੋ ਹਸੋ ਤੇ ਹਸਾਓ ਸਾਰੇ।

ਕੋਈ ਬਣੋ ਪਾਹਿਰੂ ਅਤੋ ਕੋਈ ਬਣੋ ਥਾਨੇਦਾਰ,
ਕੋਈ ਬਣੋ ਡਾਕੂ ਫੜ ਉਸ ਨੂੰ ਲਿਆਓ ਸਾਰੇ।
ਕੋਈ ਬਣੋ ਰਾਵਣ ਤੇ ਕੋਈ, ਹਨੂੰਮਾਨ, ਰਾਮ,
ਪਾਪਾਂ ਵਾਲੇ ਫੜ ਫੜ ਓਹਨੂੰ ਭੁਗਤਾਓ ਸਾਰੇ।

ਦੇਵਾਂਗਾ ਇਨਾਮ ਜੇਹੜਾ ਜਿਤ ਲਵੇ ਖੇਲ ਅਜ,
ਜਮਨਾ ਵਿਚ ਵੜ ਜੰਗ ਛਟਿਆਂ ਦਾ ਮਚਾਓ ਸਾਰੇ।
ਉਠੋ, ਜਸਵੰਤ, ਕੁਲਵੰਤ, ਬੀਰ ਛੇਤੀ ਕਰੋ,
ਵੰਡ ਦੇਵਾਂ ਟੋਲੇ ਜ਼ਰਾ ਅਗੇ ਅਗੇ ਆਓ ਸਾਰੇ।

ਪਿਛੋਂ ਸ਼ੁਰੂ ਕਰਾਂਗੇ ਡਰਾਮਾ ਅਸੀਂ ਭੀਮ ਸੈਨੋਂ,
ਪਹਿਲਾਂ ਇਕ ਨਗ਼ਮਾ ਆਜ਼ਾਦੀ ਵਾਲਾ ਗਾਓ ਸਾਰੇ।
ਪਟਨੇ ਦਾ ਨਵਾਬ ਚੜ੍ਹ ਘੋੜੇ ਉਤੇ ਆ ਰਿਹਾ ਸੀ,
ਆਖਦਾ ਓਏ ਪਾਗਲੋ ਸਲਾਮ ਤਾਂ ਬੁਲਾਓ ਸਾਰੇ।

-੬੯-