ਪੰਨਾ:ਉਪਕਾਰ ਦਰਸ਼ਨ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੌਂਕੇ ਵਿਚ ਬੈਠੇ, ਗੁਰੂ ਨਾਨਕ ਆ ਕੇ।
ਮਿਸਾ ਤੇ ਹਲਵਾ, ਦੋਂਹ ਹਥੀਂ ਚਾ ਕੇ।
ਮੁਠੀ ਵਿਚ ਲੈ ਕੇ, ਜਾਂ ਦੋਂਹ ਨੂੰ ਘੁਟਿਆ।
ਦੁਧ ਮਿਸੇ ਵਿਚੋਂ, ਲਹੂ ਹਲਵੇ 'ਚੋਂ ਫੁਟਿਆ।

ਮਿਟੀ ਵਿਚ ਮਿਲ ਗਏ, ਉਥੇ ਹਲਵੇ ਮੰਡੇ।
ਮਜ਼ਦੂਰ ਦੇ ਹੋ ਗਏ, ਉਥੇ ਉਚੇ ਝੰਡੇ।
ਆ ਵੇਖ ਲੈ ਦਾਤਾ, ਹੁਣ ਪਿਆਰ ਦੀ ਵਰਤਨ।
ਆਪੋ ਵਿਚ ਭਿੜ ਭਿੜ, ਟੁਟ ਗਏ ਨੇ ਬਰਤਨ।

ਬਾਲਾ, ਮਰਦਾਨਾ, ਆਪੋ ਵਿਚ ਲੜਿਆ।
ਮਾਲਾਂ ਨੂੰ ਛਡ ਕੇ, ਛੁਰੀਆਂ ਨੂੰ ਫੜਿਆ।
ਜਿਸ ਥਾਂ ਤੇ ਪੰਗਤਾਂ, ਤੂੰ ਸਾਂਝੀਆਂ ਲਾਈਆਂ।
ਉਸ ਥਾਂ ਦੀਆਂ ਵੰਡੀਆਂ, ਗ਼ੈਰਾਂ ਨੇ ਪਾਈਆਂ।

ਜਿਥੇ ਸਚ ਦੇ ਸੌਦੇ, ਕਰ ਖਾਧੀਆਂ ਮਾਰਾਂ।
ਥਾਂ ਖੋਹ ਲੈ ਸਾਥੋਂ, ਉਹ 'ਰਾਏ ਦੇ ਯਾਰਾਂ'।
ਜਿਥੇ ਸੁਣ ਕੇ ਦਾਤਾ, ਤੇਰੀ ਰੱਬੀ ਬਾਣੀ।
ਪਥਰ ਵੀ ਹੋਂਦੈ, ਢਲ ਪਾਣੀ ਪਾਣੀ।

ਜਿਥੇ ਸਜਦੇ ਵਛਾਈ ਰੋੜਾਂ ਦਿਆਂ ਢੇਰਾਂ।
ਜਿਥੇ ਸਜਦੇ ਕੀਤੇ, ਤੈਨੂੰ ਨਿਉਂ ਨਿਉਂ ਬੇਰਾਂ।
ਜਿਥੇ ਹਲ ਵਾਹ ਵਾਹ, ਤੂੰ ਝੋਨਾ ਲਾਇਆ।
ਦੋਦੇ ਲਈ ਦੁਧ ਦਾ, ਦਰਿਆਓ ਵਗਾਇਆ।

-੮-