ਪੰਨਾ:ਉਪਕਾਰ ਦਰਸ਼ਨ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਲਾਵਾਂ ਵਿਚ ਮੈਦਾਨ ਦੇ, ਤੇਗਾਂ ਦੇ ਘੋਟੇ।
ਸਭ ਸੋਧਾਂ ਵੈਰੀ ਹਿੰਦ ਦੇ, ਨੀਯਤ ਦੇ ਖੋਟੇ।
ਮੈਂ ਜਾਣਾ ਹੈ ਰਣ ਭੂਮ ਵਿਚ, ਹੁਣ ਤੇਰੀ ਓਟੇ।
ਮੈਂ ਮੁਗਲ ਰਾਜ ਦੇ ਭਾਗ ਦੇ, ਫੜ ਡੋਬਾਂ ਲੋਟੇ।
ਮੈਂ ਖਾਂ ਬਘਿਆੜਾਂ ਵਾਂਗਰਾਂ, ਵੈਰੀ ਦੇ ਬੋਟੇ।
ਸ਼ੇਰਾਂ ਦੇ ਵਾਂਗੂੰ ਢਾਹ ਲਵਾਂ, ਕਾਬਲ ਦੇ ਝੋਟੇ।

ਤਦ ਨਗਮਾ ਮੂੰਹੋਂ ਸ਼ੁਕਰ ਦਾ, ਕਲਗੀਧਰ ਪੜ੍ਹਿਆ।
ਮੇਰਾ ਲਹੂ ਅਣਖੀਲਾ ਖੌਲਿਆ, ਭਾਰਤ ਲਈ ਲੜਿਆ।
ਝਟ ਥਾਪਨਾ ਲਾਇਆ ਕੰਡ ਤੇ, ਘੋੜੇ ਤੇ ਚੜ੍ਹਿਆ।
ਰੋਹ ਅੰਦਰ ਖੰਡਾ ਸੂਤ ਕੇ ਹਥ ਦੇ ਵਿਚ ਫੜਿਆ।
ਉਹ ਮਾਰ, ਜੈਕਾਰੇ ਕੜਕਵੇਂ, ਰਣ ਅੰਦਰ ਵੜਿਆ।
ਉਹ ਕੂੰਜਾਂ ਵਾਲੀ ਡਾਰ ਤੇ, ਸਮ ਬਾਜਾਂ ਝੜਿਆ।
ਉਹਨੇ ਵਹਿਣ ਵਗਾਏ ਰਤ ਦੇ, ਲੈ ਝਈਆਂ ਲੜਿਆ।

ਤਕ ਏਦਾਂ ਨਿਕੇ ਬਾਲ ਨੂੰ, ਪਿਓ ਖੁਸ਼ੀ ਮਨਾਂਦਾ।
ਮੇਰਾ ਖੂੰਨ ਗੁਲਾਮੀ ਵਾਲੜੇ, ਪਿਆ ਦਾਗ ਉਡਾਂਦਾ।
ਉਹ ਵਧ ਵਧ ਕੇ ਵਿਚ ਸਾਥੀਆਂ, ਪਿਆ ਨੰਬਰ ਪਾਂਦਾ।
ਜਿਉਂ ਅਰਜਨ ਅੰਦਰ ਪਾਂਡਵਾਂ, ਹੋਏ ਸ਼ਾਨ ਦਖਾਂਦਾ।
ਉਹ ਏਦਾਂ ਢਾਹ ਢਾਹ ਸੂਰਮੇ, ਪਿਆ ਨਾਮ ਮਿਟਾਂਦਾ।
ਪਿਆ ਸਥਰ ਵੱਢ ਜਵਾਰ ਦੇ, ਜਟ ਭਰੀਆਂ ਪਾਂਦਾ।
ਉਹ ਏਦਾਂ ਲਹੂ ਦਾ ਧਰਤ ਨੂੰ, ਪਿਆ ਰੰਗ ਚੜ੍ਹਾਂਦਾ।
ਦਿਹੂੰ ਡੁਬੇ ਜਿਵੇਂ ਅਕਾਸ਼ ਨੂੰ, ਅਗ ਸੂਰਜ ਲਾਂਦਾ।

-੯੨-