ਪੰਨਾ:ਉਸਦਾ ਰੱਬ.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਦੇ ਕੋਈ ਬਦਫੇਹਲੀ ਕਰਦੇ ਦੇਖਿਆ ਵੀ ਤਾਂ ਨਹੀਂ" ਆਪਣੀ ਸੋਚ ਨਾਲ ਹੀ ਮੇਰੀ ਅੱਖ ਨੀਵੀਂ ਹੋ ਗਈ । ਉਸਨੂੰ ਤਾਂ ਮੈਂ ਘਰ ਦੇ ਖਰਚੇ ਜੋਗੇ ਪੂਰੇ ਪੈਸੇ ਈ ਦਿੰਦਾ ਹਾਂ । ਆਪਣੇ ਖੁਲ੍ਹੇ ਖਰਚੇ ਜੋਗੇ ਪੈਸੇ ਪਹਿਲਾਂ ਈ ਬਚਾ ਕੇ ਰੱਖ ਲੈਂਦਾ ਹਾਂ । ਫੇਰ ਉਹ ਦੂਜੇ ਕੋਲੋਂ ਪੈਸੇ ਨਾ ਲਵੇ ਤਾਂ ਕੀ ਕਰੇ । ਦੂਜੇ ਕੋਲੋਂ ਪੈਸੇ ਲੈਂਦਿਆਂ ਉਸਨੂੰ ਪਤਾ ਨਹੀਂ ਕਿੰਨੀ ਅਗਨੀ ਪ੍ਰੀਖਿਆ 'ਚੋਂ ਗੁਜ਼ਰਨਾ ਪੈਦਾ ਹੋਏਗਾ । ਮੈਨੂੰ ਅੰਦਰ ਬਾਹਰ ਔਣਾ ਜਾਣਾ ਪੈਂਦਾ ਹੈ । ਮੈਂ ਖ਼ੁਦ ਮਹਿਸੂਸ ਕਰਦਾ ਹਾਂ ਕਿ ਇਹ ਸਫਰ ਚੱਕਰ ਵੀ ਫਜ਼ੂਲ ਦਾ ਖਰਚ ਹੈ। ਪਰ ਜੇ ਇਹ ਕਦੇ ਕਹਿ ਦੇਵੇ ਕਿ ਮੈਂ ਐਧਰ ਔਧਰ ਔਣਾ ਜਾਣਾ ਛੱਡ ਦੇਵਾਂ ਤਾਂ ਮੈਂ ਤਿੜਕ ਜਾਂਦਾ ਹਾਂ । ਬਸ ਐਵੇਂ ਵਾਧੂ ਦਾ ਰੋਅਬ ਜਮਾਉਣ ਲਈ । ਆਪਣੇ ਆਪ ਨਾਲ ਹੀ ਮੈਂ ਸੁਧਰ ਜਾਣ ਦੀਆਂ ਸਲਾਹਾਂ ਬਣਾਉਂਦਾ ਰਹਿੰਦਾ ਹਾਂ ਪਰ ਪਤਾ ਨਹੀਂ ਕਿਉਂ ਜਦੋਂ ਉਸ ਨਾਲ ਗੱਲ ਕਰਦਾ ਹਾਂ ਚਿੜ੍ਹਾ ਕੇ ਪਰੇ ਹੁੰਦਾ ਹਾਂ ।
ਮੈਂ ਉਸਦੇ ਦੁਖਦੇ ਹੱਥ ਨੂੰ ਘੁਟਦਿਆਂ ਕਿਹਾ “ਤੀਵੀਂ ਤਾਂ ਨੋਟ ਤੇ ਹੱਥ ਫੇਰ ਕੇ ਦੁਆ ਨੌਟ ਬਣਾ ਲੈਂਦੀ ਐ......| ਐਥੇ ਮਹਿੰਗਈ ਨੇ ਲੱਕ ਤੋੜਿਆ ਪਿਐ, ਤੈਂ ਨੋਟ ਲਕੋਂਦੀ ਨੇ ਹੱਥ ਤੁੜਾ ਲੈਣਾ ਸੀ ।" ਉਹਦੇ ਹਰਖ 'ਚ ਫੇਰ ਹੰਝੂ ਵਹਿ ਤੁਰੇ । ਟਰੰਕ ਦੀਆਂ ਕੁੰਜੀਆਂ ਚੁੱਕ ਕੇ ਉਸਨੇ ਮੇਰੀ ਛਾਤੀ ਤੇ ਮਾਰੀਆਂ । “ਲੈ ਕਢ ਲੈ ਖਜ਼ਾਨਾ ਜਿਹੜਾ ਮੈਂ ਦੁਬਿਆ ਬੈ...ਧਰ ਲੈ ਛਾਤੀ ਤੇ !" ਮੈਂ ਫੇਰ ਅੱਖਾਂ ਲਾਲ ਕਰ ਉਠਿਆ | ਮੈਂ ਉਸਦੇ ਕਿਹਾਂ ਤੋਂ ਕੋਈ ਕੰਮ ਨਹੀਂ ਕਰਦਾ । ਅੰਦਰੋਂ ਭਾਵੇਂ ਮੈਂ ਟਰੰਕ ਖੋਹਲ ਕੇ ਵੇਖਣਾ ਚਾਹ ਰਿਹਾ ਸਾਂ । ਪਰ ਉਸਦੇ ਕਹੇ ਨੂੰ ਠੁਕਰਾਉਣ ਲਈ ਮੈਂ ਕੁੰਜੀ ਉਹਦੇ ਪੈਰਾਂ'ਚ ਵਗਾਹ ਕੇ ਮਾਰੀ । "ਬਸ ਤੂੰ ਸਾਂਭੀ ਰੱਖ...ਕਿਤੇ ਕੰਮ ਆਊ...ਪਰ ਇਹਾ ਜਿਹਾ ਪੈਸਾ ਬਿਮਾਰੀ ਤੋਂ ਈ ਲਗਦਾ ਹੁੰਦੇ |" ਮੈਂ ਉਸਤੇ ਖਾਹ-ਮਖ਼ਾਹ ਈ ਗੁੱਸੇ ਹੋਈ ਜਾ ਰਿਹਾ ਸਾਂ । ਗੱਲ ਨੂੰ ਤਾਂ ਮੈਂ ਈ ਵਧਾਇਐ । ਟਰੰਕ ਖੋਹਲ ਕੇ ਵੇਖ ਵੀ ਤਾਂ ਸਕਦਾਂ । ਜਿੰਨੇ ਪੈਸੇ ਹੋਣ ਆਪਣੇ ਕਬਜ਼ੇ 'ਚ ਹੀ ਕਰ ਲਵਾਂ ਜਾਂ ਕੋਈ ਘਰ 'ਚ ਲੋੜੀਂਦੀ ਚੀਜ਼ ਲੈ ਆਵਾਂ । ਉਹ ਮੇਰੇ ਵਲ ਨੂੰ ਵੇਖ ਮੱਥੇ ਤਿਉਂੜੀਆਂ ਪਾਉਂਦੀ ਕੁੰਜੀਆ ਚੱਕ ਕੇ ਟਰੰਕ ਕੋਲ ਜਾ ਖੜ੍ਹੀ ।
ਮੈਨੂੰ ਡਰ ਹੋਇਆ ਕਿ ਕਿਧਰੇ ਉਹ ਟਰੰਕ ਵਿਚਲੀਆਂ ਚੀਜ਼ਾਂ ਕਢ ਕਢ ਬਾਹਰ ਨਾ ਸੁੱਟਣ ਲੱਗ ਪਏ । ਮੈਂ ਮਹਿਸੂਸ ਕੀਤਾ ਜਿਵੇਂ ਉਹ ਤਮਾਸ਼ਾ ਵਧਾਉਣਾ ਚਾਹ ਰਹੀ ਹੋਵੇ । “ਟਿਕ ਕੇ ਨ੍ਹੀਂ ਬੈਠ ਸਕਦੀ। ...ਕਿ ਰੋਜ਼ ਨਾਟਕ ਜਿਆ ਦਖਾ ਕੇ ਸਵਾਦ ਆਉਂਦੈ ...ਬਾਹਰੋਂ ਥੱਕ ਹਾਰ ਕੇ ਆਈਦੈ ਤੇ ਤੂੰ ਆਪਣਾ ਨਵੇਂ ਤੋਂ ਨਵਾਂ ਨਾਟਕ ਤਿਆਰ ਰਖਦੀ ਐਂ" ਮੈਂ ਟਰੰਕ ਕੋਲ ਜਾ, ਉਸਨੂੰ ਧੱਕਾ ਦੇ ਕੇ ਪਰ੍ਹਾਂ ਮੰਜੇ ਤੇ ਸੁਟਦਿਆਂ ਕਿਹਾ । ਮੈਂ ਉਸਦੇ ਹੱਥੋਂ ਕੁੰਜੀਆਂ ਖੋਹ ਕੇ ਟਰੰਕ ਵੱਲ ਨੂੰ ਹੋਇਆ ।

"ਇਸ ਟਰੰਕ ਵਿਚਲੀ ਹਰ ਚੀਜ਼ ਤੇ ਮੇਰਾ ਹੱਕ ਐ | ਹੋਰ ਕੋਈ ਇਸਦਾ ਕੁਸ਼ ਨਹੀਂ ਲਗਦਾ।" ਉਸਨੇ ਸੰਭਲ ਕੇ ਉਠਦੀ ਨੇ ਕਿਹਾ । ਮੇਰੇ ਕੋਲੋਂ ਕੁੰਜੀ ਖੋਹਣ ਦੀ ਕੋਸ਼ਿਸ਼ ਕਰਨ ਲੱਗੀ । “ਐਂ ਆ ਨਾ ਆਨੇ ਆਲੀ ਥਾਵੇਂ ਸਾਲੀ ਨੇ ਕਿੰਨੀ ਦੇਰ ਤੋਂ ਢੋਂਗ ਜਿਆ ਰਚਾ ਰਖਿਐ...ਟਰੰਕ 'ਚ ਰਖਣ ਦੀ ਥਾਵੇਂ ਬੈਂਕ 'ਚ ਨ੍ਹੀਂ ਰੱਖ ਸਕਦੀ ?"

12/ਖ਼ਜ਼ਾਨਾ