ਪੰਨਾ:ਉਸਦਾ ਰੱਬ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹਿੰਦਸੇ ਤੋਂ ਜ਼ੀਰੋ

ਛੁੱਟੀ ਵਾਲੇ ਦਿਨ ਗੁਲਵੰਤ ਕੰਬਲ 'ਚ ਬੈਠਾ ਸਾਹਮਣੇ ਖੂੰਜੇ ਵੱਲ ਹੀ ਵੇਖੀਂ ਜਾ ਰਿਹਾ ਸੀ ਜਿਥੇ ਇੱਕ ਮੱਕੜੀ ਕਾਫ਼ੀ ਸਮੇਂ ਤੋਂ ਜਾਲਾ ਬੁਣਨ ਵਿੱਚ ਮਗ਼ਨ ਸੀ। ਪਤਲੇ ਰੇਸ਼ਮ ਵਰਗੇ ਮੁਲਾਇਮ ਧਾਗਿਆਂ ਨਾਲ ਉਸਨੇ ਵੱਡਾ ਜਾਲਾ ਤਿਆਰ ਕਰ ਲਿਆ ਸੀ । ਉਹ ਜਾਲਾ ਬੁਣਦੀ ਉਸੇ ਵੱਲ ਨੂੰ ਆ ਰਹੀ ਸੀ ਜਿਵੇਂ ਉਸ ਨੂੰ ਵੀ ਜਾਲ ਵਿੱਚ ਫਸਾਉਣਾ ਚਾਹੁੰਦੀ ਹੋਵੇ।
ਗੁਲਵੰਤ ਮੁੰਹ ਸਿਰ ਢਕ ਕੇ ਲੇਟ ਗਿਆ ਜਿਵੇਂ ਕਬੂਤਰ ਅੱਖਾਂ ਬੰਦ ਕਰਕੇ ਸੋਚਦਾ ਹੈ ਕਿ ਸ਼ਾਇਦ ਉਹ ਸ਼ਿਕਾਰੀ ਨੂੰ ਦਿਖਾਈ ਨਹੀਂ ਦੇ ਰਿਹਾ । ਉਸਨੂੰ ਲੱਗਾ ਜਿਵੇਂ ਉਹ ਕੋਈ ਸੁਫ਼ਨਾ ਦੇਖ ਰਿਹਾ ਹੋਵੇ-ਰਸ਼ਿਮ ਦਾ ਸੁਫਨਾ । ਰਸ਼ਿਮ ਨੇ ਥੋੜ੍ਹੇ ਦਿਨ ਹੋਏ ਹੀ ਉਸਦੇ ਦਫਤਰ ਜਾਇਨ ਕੀਤਾ ਸੀ । ਰਿਘੀ ਨਾਲ ਰਸ਼ਿਮ ਦੀ ਚੰਗੀ ਦੋਸਤੀ ਹੋ ਗਈ ਸੀ ਜਿਸਨੂੰ ਉਸਨੇ ਆਪਣੀ ਭੈਣ ਬਣਾ ਲਿਆਂ । ਰਿਘੀ ਦਾ ਪੂਰਾ ਨਾਂ ਰਘੁਵਿੰਦਰ ਸੀ । ਪਰ ਘਰੇ ਸਾਰੇ ਉਸਨੂੰ ਰਿਘੀ ਕਹਿ ਕੇ ਬੁਲਾਉਂਦੇ । ਉਹ ਦਫ਼ਤਰ ਵਿੱਚ ਵੀ ਰਿਘੀ ਦੇ ਨਾਂ ਨਾਲ ਹੀ ਮਸ਼ਹੂਰ ਹੋ ਗਈ । ਰਿਸ਼ਿਮ ਰੋਜ਼ ਆਪਣੀ ਭੈਣ ਨੂੰ ਮਿਲਣ ਆਉਂਦੀ । ਦੋਵਾਂ ਵਿੱਚ ਕਿੰਨੀ ਕਿੰਨੀ ਦੇਰ ਗੱਲ ਬਾਤ ਹੁੰਦੀ ਰਹਿੰਦੀ ਅਤੇ ਕੁਝ ਕਾਨਾਫੂਸੀ ਗੁਲਵੰਤ ਬਾਰੇ ਵੀ ਜ਼ਰੂਰ ਹੁੰਦੀ ।
ਗੁਲਵੰਤ ਨੂੰ ਉਹਨਾਂ ਗੱਲਾਂ ਦੀ ਯਾਦ ਆ ਰਹੀ ਸੀ ਜੋ ਉਹਨੇ ਬਸ ਵਿੱਚ ਬੈਠ ਕੇ ਕੀਤੀਆਂ ਤੇ ਰੋਜ਼ ਕਰਦੀ ਹੁੰਦੀ ਸੀ । ਕਿੰਨੀਆਂ ਪਿਆਰੀਆਂ ਤੇ ਮਿੱਠੀਆਂ ਗੱਲਾਂ ਹੁੰਦੀਆਂ ਸਨ ਰਸ਼ਮ ਦੀਆਂ । ਅੱਧੇ ਪੌਣੇ ਘੰਟੇ ਦਾ ਸਫਰ ਪਲਕ ਝਪਕਦਿਆਂ ਹੀ ਮੁੱਕ ਜਾਂਦਾ। ਬਸ ਅੱਡੇ ਤੋਂ ਦਫ਼ਤਰ ਵੱਲ ਨੂੰ ਜਾਂਦੀ ਸੜਕ ਉਹਨਾਂ ਨੂੰ ਉਤਰਨ ਦੀ ਚਿਤਾਵਨੀ ਦੇ ਜਾਂਦੀ ।
“ਮੈਂ ਤੁਹਾਥੋਂ ਇਕ ਗੱਲ ਪੁੱਛਣੀ ਸੀ..." ਰਸ਼ਿਮ ਨੇ ਇਛਾ ਪ੍ਰਗਟ ਕਰਦਿਆਂ ਮੁਸਕਰਾ ਕੇ ਗੁਲਵੰਤ ਵੱਲ ਵੇਖਿਆ ।
"ਤੁਸੀਂ ਹੁਣੇ ਪੁੱਛੋ |" ਉਹਨੇ ਵੀ ਹਾਜ਼ਰ ਜਵਾਬੀ ਨਾਲ ਕਿਹਾ । ਗੱਲ ਉਹਦੇ ਹੋਠਾਂ ਤੱਕ ਆਈ ਹੀ ਸੀ ਕਿ ਉਤਰਨ ਦਾ ਸਮਾਂ ਹੋ ਗਿਆ ।
ਕੇਰਾਂ ਰਸ਼ਿਮ ਨੇ ਸਾਈਕਲ ਹੱਥ 'ਚ ਫੜੀ ਚੋਂਕ ਵੱਲ ਜਾਂਦਿਆਂ, ਕੁਝ ਭੁੱਲਿਆ ਯਾਦ ਆ ਜਾਣ ਵਾਂਙ ਕਿਹਾ ਸੀ- ਓਹ ! ਸੱਚ ਆਪਾਂ ਪੈਦਲ ਹੀ ਕਿਉਂ ਚਲ ਰਹੇ ਹਾਂ ? ਸਾਈਕਲ ਤੇ ਆਪਾਂ ਦੋਵੇਂ ਆਸਾਨੀ ਨਾਲ ਜਾ ਸਕਦੇ ਹਾਂ ।"