ਪੰਨਾ:ਉਸਦਾ ਰੱਬ.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਗੁਲਵੰਤ ਨੂੰ ਯਾਦ ਆਇਆ ਜਦੋਂ ਉਹ ਰਸ਼ਿਮ ਦੇ ਘਰ ਗਿਆ ਸੀ । ਦੋ ਕਮਰੇ-ਇਕ ਤੋਂ ਰਸੋਈ ਦਾ ਕੰਮ ਲਿਆ ਜਾਂਦਾ, ਦੂਜੇ ਤੋਂ ਬੈਡ ਰੂਮ, ਡਰਾਇੰਗ ਰੂਮ ਤੇ ਡਾਇਨਿੰਗ ਰੂਮ ਦਾ... ਅਤੇ ਨਹਾਉਣ ਲਈ ਪੰਪ ਦੁਆਲੇ ਮੰਜੀ ਖੜ੍ਹੀ ਕਰਕੇ ਕੱਪੜੇ ਦੀ ਓਟ ਨਾਲ ਗੁਜ਼ਾਰਾ ਕਰ ਲਿਆ ਜਾਂਦਾ ਸੀ । ਗੁਲਵੰਤ ਹਮਦਰਦੀ ਨਾਲ ਪਸੀਜ ਗਿਆ । ਗ਼ਰੀਬੀ ਨੂੰ ਕੋਸਣ ਲਈ ਉਹਦੇ ਪਿਆਰ ਦੇ ਹੰਝੂ ਵਹਿਣੇਂ ਨਾ ਰੁਕ ਸਕੇ |
 ਗੁਲਵੰਤ ਨੂੰ ਵਾਪਿਸ ਜਾਂਦਿਆਂ ਦੇਖ ਰਸ਼ਿਮ ਕਿਵੇਂ ਨੈਣੀਂ ਹੰਝੂ ਛਲਕਾਉਂਦੀ ਪੁੱਛ ਰਹੀ ਸੀ-"ਸਾਡਾ ਘਰ ਪਸੰਦ ਨਹੀਂ ਨਾ ਆਇਆ... ਤਦੇ ਇੰਨੀ ਛੇਤੀ ਜਾ ਰਹੇ ਹੋ ...|"
ਕੋਲੋਂ ਹੀ ਮਾਂ ਬੋਲ ਪਈ-"ਇਹ ਤਾਂ ਰਹਿੰਦੇ ਨੇ ਚਿਪਸ ਲਗੀ ਕੋਠੀ 'ਚ, ਇਹਨਾਂ ਨੂੰ ਭਲਾ ਕਿਵੇਂ ਪਸੰਦ ਆ ਜਾਏਗਾ ਸਾਡਾ ਘਰ......" ਅਤੇ ਗੁਲਵੰਤ ਨੇ ਹੈਰਾਨ ਹੁੰਦਿਆਂ ਪੁਛਿਆ ਸੀ -“ਤੁਸੀਂ ਦੇਖਿਐ ਮੇਰਾ ਘਰ ?"
 “ਹਾਂ, ਹਾਂ, ਨਹੀਂ ਦੇਖਿਆ ਤਾਂ ਕੀ, ਪਰ ਤੁਹਾਡੇ ਚਿਹਰਿਉਂ ਲਗਦੈ ਕਿ ਤੁਸੀਂ...|" ਕੋਲ ਹੀ ਖੜ੍ਹੀ ਰਸ਼ਿਮ ਸ਼ੱਕ ਦੂਰ ਕਰਦੀ ਕਹਿ ਰਹੀ ਸੀ-"ਇੰਸਪੈਕਟਰ ਦੀ ਨੌਕਰੀ ਕੀ ਕੋਈ ਛੋਟੇ ਮੋਟੇ ਨੂੰ ਮਿਲ ਜਾਂਦੀ ਐ ...?"
“ਨਹੀਂ ਨਹੀਂ, ਮੇਰਾ ਤਾਂ ਅਚਾਨਕ ਹੀ ਕੰਮ ਬਣ ਗਿਆ ਸੀ, ਸ਼ਾਇਦ ਐਮ. ਐਸ. ਸੀ. 'ਚੋਂ ਪਹਿਲਾ ਦਰਜਾ ਹੋਣ ਕਰਕੇ ।" ਗੁਲਵੰਤ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਸੀ ਕਿ ਉਹ 'ਉਹ' ਨਹੀਂ ਜੋ ਉਹ ਕਿਆਸੀਂ ਜਾ ਰਹੀਆਂ ਹਨ ... |
ਪਰ ਰਸ਼ਿਮ ਕਿੰਨੀ ਦੇਰ ਗੁਲਵੰਤ ਵੱਲ ਚੁੱਪਚਾਪ ਵੇਖਦੀ ਰਹੀ ਜਿਵੇਂ ਕਹਿ ਰਹੀ ਹੋਵੇ-“ਮੈਂ ਇਸ ਘਰ 'ਚੋਂ ਨਿਕਲਣਾ ਚਾਹੁੰਦੀ ਹਾਂ...ਸਾਡੇ ਲਈ ਪੀਹੜੀ-ਦਰ-ਪੀਹੜੀ ਇਹੋ ਘਰ ਤੁਰਿਆ ਆ ਰਿਹਾ ਹੈ... ਮੈਂ ਆਪਣੇ ਸੁਪਨਿਆਂ ਦਾ ਰਾਜ ਮਹਿਲ ਵਿਹਾਜਣਾ ਚਾਹੁੰਦੀ ਹਾਂ...|" ਗੁਲਵੰਤ ਉਨ੍ਹਾਂ ਨੂੰ ਕੁਝ ਵੀ ਨਾ ਸਮਝ ਸਕਿਆ ।...
ਗੁਲਵੰਤ ਨੂੰ ਯਾਦ ਆਇਆ ਜਦੋਂ ਰਸ਼ਿਮ ਵੀ ਉਸ ਨਾਲ ਉਹਦੇ ਘਰ ਆਈ ਸੀ । ਉਹਦੇ ਘਰ ਆ ਕੇ ਉਹਨੇ ਕਿਹਾ ਸੀ-"ਇਹੋ ਹੈ ਆਪਦਾ ਘਰ ?... ਦੇਖ ਲਿਆ । ਚੰਗਾ ਤਾਂ ਮੈਂ ਚਲਦੀ ਹਾਂ ।" ਗੁਲਵੰਤ ਰਸ਼ਿਮ ਨੂੰ ਬਾਹੋਂ ਫੜ ਕੇ ਖਿਚਦਾ ਅੰਦਰ ਲੈ ਗਿਆ ।
ਬੇਬੇ ਨਾਲ ਗੱਲ ਕਰਦਿਆਂ ਉਹ ਸ਼ਰਮ ਨਾਲ ਲਾਲ ਹੋਈ ਜਾ ਰਹੀ ਸੀ ਅਤੇ ਫੇਰ ਛੇਤੀ ਜਾਣ ਦਾ ਬਹਾਨਾ ਲਗਾ ਕੇ ਚਲੀ ਗਈ, ਜਿਵੇਂ ਬਹਾਨਾ ਸੋਚ ਕੇ ਹੀ ਆਈ ਹੋਵੇ । ...
ਗੁਲਵੰਤ ਦਫਤਰ ਕੁਝ ਲੇਟ ਗਿਆ। ਉਹ ਰਸ਼ਿਮ ਨੂੰ ਮਿਲਣ ਲਈ ਬੇਚੈਨ ਸੀ ।

ਉਸ ਦਾ ਰੱਬ/17