ਪੰਨਾ:ਉਸਦਾ ਰੱਬ.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਉਹ ਰਸ਼ਿਮ ਦੇ ਕਮਰੇ ਵੱਲ ਵਧਿਆ | ਪਰ ਕਮਰਿਉਂ ਆਉਂਦੀ ਰਿਘੀ ਤੇ ਰਸ਼ਿਮ ਦੀਆਂ ਗੱਲਾਂ ਦੀ ਆਵਾਜ਼ ਨੇ ਉਹਦੇ ਵਧਦੇ ਕਦਮ ਰੋਕ ਦਿੱਤੇ ।
 ਰਸ਼ਿਮ ਰਿਘੀ ਨੂੰ ਕਹਿ ਰਹੀ ਸੀ-"ਤੂੰ ਤਾਂ ਕਹਿੰਦੀ ਸੀ ਇੰਸਪੈਕਟਰ ਗੁਲਵੰਤ ਬਹੁਤ ਬੜੇ ਘਰਾਣੇ ਦਾ ਹੋਏਗਾ । ਮੈਨੂੰ ਤਾਂ ਤੂੰ ਫਸਾ ਈ ਦੇਣਾ ਸੀ । ਇਹ ਤਾਂ ਚੰਗਾ ਹੋਇਆ ਜੁ ਮੈਂ ਕਲ੍ਹ ਉਹਦੇ ਘਰ ਚਲੀ ਗਈ । ਉਹ ਤਾਂ ਗ਼ਰੀਬੀ ਦਾ ਖਾਧਾਂ ਪਿਐ ।... ਘਰ ਤਾਂ ਐਨਾ ਛੋਟੈ...ਕਿ ਮੁਸ਼ਕਲ ਨਾਲ ਤਿੰਨ ਚਾਰ ਕਮਰੇ ਈ ਹੋਣਗੇ । ਮੈਂ ਤਾਂ ਛੇਤੀ ਹੀ ਪੱਲਾ ਛੁਡਾ ਕੇ ਆ ਗਈ...|"
ਗੁਲਵੰਤ ਨੇ ਉਹਨਾਂ ਦੀਆਂ ਗੱਲਾਂ'ਚ ਵਿਘਨ ਪਾਉਣਾ ਠੀਕ ਨਾ ਸਮਝਿਆ ਅਤੇ ਦੋਵਾਂ ਦੀਆਂ ਗੱਲਾਂ ਸਪੱਸ਼ਟ ਸੁਣਨ ਲਈ ਆਪਣੇ ਆਪ ਨੂੰ ਦਰਵਾਜ਼ੇ ਦੀ ਓਟ ਵਿੱਚ ਇਉਂ ਖੜ੍ਹਾ ਕਰ ਲਿਆ ਜਿਵੇਂ ਘੋੜੇ ਨੂੰ ਲਗਾਮ ਖਿੱਚ ਕੇ ਖੜ੍ਹਾ ਲਈਦਾ ਹੈ ।
"ਘਰ ਤੋਂ ਤੂੰ ਕੀ ਲੈਣੈ, ਜਦੋਂ ਤੁਸੀਂ ਦੋਵੇਂ ਕਮਾਉਗੇ ...ਤਾਂ ਆਪੇ ਸਭ ਕੁਛ ਬਣ ਜਾਏਗਾ।" ਰਿਘੀ ਰਸ਼ਿਮ ਨੂੰ ਸਮਝਾ ਰਹੀ ਸੀ ।
“ਮੈਂ ਕਮਾਈ ਕਰਦੀ ਥੱਕ ਗਈ ਆਂ ... ਮੈਨੂੰ ਤਾਂ ਅਜਿਹਾ ਬਣਿਆ ਬਣਾਇਆ ਘਰ ਚਾਹੀਦੈ ਜਿਸ ਵਿੱਚ ਜਾ ਕੇ ਬਸ ਡਿੱਗ ਪਵਾਂ... ਅਤੇ ਅਜਿਹੀ ਸੁਖ ਦੀ ਨੀਂਦ ਸੌਵਾਂ ਕਿ ਸਾਰੀ ਉਮਰ ਦਾ ਥਕੇਵਾਂ ਲਹਿ ਜਾਏ ।" ਰਸ਼ਿਮ ਬੋਲ ਰਹੀ ਸੀ ਅਤੇ ਗੁਲਵੰਤ ਨੂੰ ਸੰਘਣੀ ਛਾਂਦਾਰ ਰੁੱਖ ਤੇ ਬੈਠੇ ਚਿੜੇ ਚਿੜੀ ਦੇ ਜੋੜੇ ਵਾਲੀ ਗੱਲ ਯਾਦ ਆ ਰਹੀ ਸੀ ।
“ਆਦਮੀ ਤਾਂ ਸ਼ਰੀਫ਼ ਐ ... |"ਰਿਘੀ ਰਸ਼ਿਮ ਨੂੰ ਮਨਾਉਣ ਲਈ ਪੂਰਾ ਜ਼ੋਰ ਲਗਾ ਰਹੀ ਸੀ । ਦੋਹਾਂ ਦੀ ਪਿਆਰ ਰੂਪੀ ਫਟੀ ਚਾਦਰ ਨੂੰ ਸਿਉਣ ਦਾ ਯਤਨ ਕਰ ਰਹੀ ਸੀ । ਪਰ ਰਸ਼ਿਮ ਵਿਚੋਂ ਹੀ ਬੋਲ ਪਈ_
"ਆਦਮੀ ਕੀ ਖਾਕ ਐ ... ਕੇਰਾਂ ਮੈਨੂੰ ਦੱਸੋ ਕਿ ਉਹਨੇ ਕਿਸੇ ਤੋਂ ਰਿਸ਼ਵਤ ਲੈਣ ਤੋਂ ਨਾਂਹ ਕਰਤੀ ... ਤੇ ਉਹਦੇ ਜ਼ਿੱਦ ਕਰਨ ਤੋਂ ਚਿੜ੍ਹ ਕੇ ਉਹਦੇ ਨਾਲ ਲੜ ਪਿਆ ... |"ਰਿਘੀ ਵਿਚੋਂ ਹੀ ਗੱਲ ਕੱਟ ਕੇ, ਰਿਸ਼ਵਤ ਨਾ ਲੈਣ ਤੋਂ ਪ੍ਰਗਟ ਕਰਨਾ ਚਾਹੁੰਦੀ ਸੀ ਪਰ ਰਸ਼ਿਮ ਬੋਲਦੀ ਹੀ ਜਾ ਰਹੀ ਸੀ-"ਕੇਰਾਂ ਮੈਂ ਕਹਾਂ ਕਿਸੇ ਚੰਗੇ ਜੇ ਹੋਟਲ ਚਲਦੇ ਹਾਂ...ਪਰ ਇਹ ਢਾਬੇ ਵੱਲ ਨੂੰ ਖਿੱਚੀ ਜਾਵੇ ... ਜਦੋਂ ਜ਼ਿਆਦਾ ਈ ਖਿਝ ਗਏ ਤਾਂ ਮੈਂ ਕਹਿ ਤਾ...ਰਿਸ਼ਵਤ ਲੈ ਲਿਆ ਕਰੋ ਨਾ ...ਕਾਹਨੂੰ ਐਵੇਂ ਈ ਘਰ ਆਉਂਦੀ ਲੱਛਮੀ ਨੂੰ ... |" ਰਿਘੀ ਵਿੱਚੇ ਹੀ ਕੜਕ ਕੇ ਬੋਲੀ ਸੀ -"ਪਰ ਉਹਦੇ ਆਦਰਸ਼ ਦੀ ਤਾਂ ਤੈਨੂੰ ਹਿਮਾਇਤ ਕਰਨੀ ਚਾਹੀਦੀ ਐ ...।"
ਪਰ ਰਸ਼ਿਮ ਕਹਿੰਦੀ ਜਾ ਰਹੀ -"ਇੰਸਪੈਕਟਰ ਤਾਂ ਐਨਾ ਕਮਾਉਂਦੇ ਨੇ ਕਿ ਪੁੱਛ ਕੁਝ ਨਾ । ਉਹਦੇ ਨਾਲ ਦੇ ਇੰਸਪੈਕਟਰ ਦੀ ਕੋਠੀ ਜਾ ਕੇ ਦੇਖ ਕਿੰਨੀ ਸੋਹਣੀ ਕੋਠੀ ਪਾਈ ਐ ...ਅਤੇ ਇਹ ਲਈ ਫਿਰਦੈ ਆਪਣੇ ਆਦਰਸ਼ ...ਸੁੰਨੀਆਂ ਖੁੱਡਾ ਵਰਗੇ ਆਦਰਸ਼ਾਂ`ਚੋਂ ਮੈਂ ਕਿਵੇਂ ਆਪਣੀ ਖ਼ਸ਼ੀ ਲਭ ਸਕਾਂਗੀ ... |"ਰਿਘੀ ਆਪਣੀ ਕੋਸ਼ਿਸ਼

18/ਹਿੰਦਸੇ ਤੋਂ ਜ਼ੀਰੋ