ਪੰਨਾ:ਉਸਦਾ ਰੱਬ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ੁਦਕੁਸ਼ੀ
...ਅਤੇ ਅੰਤ ਜਦੋਂ ਸਚਦੇਵ ਤੋਂ ਹੋਰ ਗੁੱਸਾ ਨਾ ਪੀਤਾ ਗਿਆ, ਉਹ ਕਪੜੇ ਪਾ ਕੇ ਘਰੋਂ ਨਿਕਲ ਤੁਰਿਆ । ਥੌੜ੍ਹੀ ਕੁ ਦੂਰ ਜਾ ਕੇ ਉਸ ਨੇ ਘਰ ਵਲ ਮੁੜ ਕੇ ਵੇਖਿਆ, ਉਸ ਦੇ ਪਿੱਛੇ ਕੋਈ ਵੀ ਨਹੀਂ ਸੀ ਆ ਰਿਹਾ। ਉਸ ਨੂੰ ਬਚਪਨ ਦਾ ਇਕ ਦਿਨ ਯਾਦ ਆਇਆ ਜਦੋਂ ਉਸ ਦਾ ਵੱਡਾ ਭਰਾ ਬੁੱਢੀ ਮਾਂ ਨੂੰ ਡਰਾਉਣ ਲਈ ਗੱਡੀ ਦੀ ਲੀਹ ਵੱਲ ਭੱਜ ਤੁਰਿਆ ਸੀ ਤਾਂ ਸਾਰਾ ਮੁਹੱਲਾ ਕਿਵੇਂ ਉਸਦੇ ਮਗਰ ਉਸ ਨੂੰ ਮਨਾਉਣ ਗਿਆ ਸੀ । ਪਰ ਉਸ ਦੇ ਪਿਛੇ ਤਾਂ ਰੇਤ ਦੇ ਕਿਣਕੇ ਵੀ ਚੁੱਪ ਚਾਪ ਧਰਤੀ ਦੀ ਹਿੱਕ ਨਾਲ ਚਿਪਕੇ ਬੈਠੇ ਸਨ ।
ਸਚਦੇਵ ਵੱਡੀਆਂ ਵੱਡੀਆਂ ਪੁਲਾਂਘਾਂ ਪੁਟਦਾ ਅੱਗੇ ਵਧਦਾ ਰਿਹਾ ਜਿਵੇਂ ਉਹ ਵਾਪਸ ਪਰਤੇਗਾ ਹੀ ਨਹੀਂ ਅਤੇ ਕੁਝ ਕਰਕੇ ਹੀ ਰਹੇਗਾ । ਉਹ ਕਦੇ ਕਦੇ ਦੌੜਣ ਵਾਂਙ ਤੇਜ਼ ਤੁਰਨ ਲੱਗ ਪੈਂਦਾ । ਗੁੱਸੇ ਵਿੱਚ ਕੁਝ ਕੁਝ ਬੁੜਬੁੜਾਉਣ ਲੱਗ ਪੈਂਦਾ। ਆਪਣੀ ਪਤਨੀ ਨੂੰ ਗਾਲ੍ਹਾਂ ਦੇਣ ਲੱਗ ਪੈਂਦਾ । ਇਉਂ ਹੀ ਰਿਝਦਾ ਕ੍ਰਿਝਦਾ, ਡੁੱਬਦਾ ਤਰਦਾ, ਆਪਣੀ ਟੁੱਟ ਭੱਜ ਨਾਲ ਖਹਿਬੜਦਾ ਉਹ ਆਪਣੀ ਮੰਜ਼ਿਲ ਵੱਲ ਨੂੰ ਵਧਦਾ ਜਾ ਰਿਹਾ ਸੀ ।
ਉਸ ਨੂੰ ਕੋਈ ਪਿਛੋਂ ਮੋੜਣ ਵੀ ਨਾ ਆਇਆ। ਉਸ ਦਾ ਗੁੱਸਾ ਹੋਰ ਵਧ ਗਿਆ ।
ਗੁੱਸਾ ਉਸ ਨੂੰ ਆਪਣੀ ਪਤਨੀ ਉਤੇ ਸੀ ਜਿਹੜੀ ਛੋਟੀ ਛੋਟੀ ਗੱਲ ਉਤੇ ਹੀ ਹਰਖ ਕਰ ਬੈਠਦੀ। ਉਸ ਨੂੰ ਗੱਲ 'ਤੇ ਮਿੱਟੀ ਪਾਉਣ ਦੀ ਜਾਂਚ ਨਹੀਂ । ਗੁੱਸਾ ਪੀ ਜਾਣ ਦਾ ਵੱਲ ਨਹੀਂ। ਉਹ ਸੋਚਦੀ ਕਿ ਹੋਰ ਗਲਤੀ ਤੇ ਸਜ਼ਾ ਜ਼ਰੂਰ ਮਿਲੇ । ਉਸ ਵਿੱਚ ਖਿਮਾ ਕਰ ਦੇਣ ਦੀ ਸ਼ਕਤੀ ਨਹੀਂ । ਜਿਹੜਾ ਉਸਦੀ ਗੱਲ ਮੰਨਦਾ ਰਹੇ, ਉਸ ਨੂੰ ਉਸ ਨਾਲ ਰੱਜਵੀਂ ਮੁਹੱਬਤ ਹੋਏਗੀ । ਥੌੜ੍ਹੀ ਜਿਹੀ ਵੀ ਉਸਦੀ ਕਿਸੇ ਗੱਲ ਨਾਲ ਅਸਹਿਮਤੀ ਹੋਣ ਨਾਲ ਉਹਦੀਆਂ ਅੱਖਾਂ 'ਚ ਹੰਝੂਆਂ ਦੀਆਂ ਘਰਾਲਾਂ ਵਹਿ ਪੈਣਗੀਆਂ । ਹੇਠਲੀ ਉੱਤੇ ਹੋ ਜਾਏਗੀ ।
ਅਜਿਹੀ ਹੀ ਕਿਸੇ ਗੱਲੋਂ ਤੰਗ ਆ ਕੇ ਸਚਦੇਵ ਆਪਣੇ ਆਪ ਨੂੰ ਖ਼ਤਮ ਕਰਨ ਤੁਰ ਪਿਆ।
ਸਚਦੇਵ ਦੀ ਜਦੋਂ ਸ਼ਾਦੀ ਹੋਈ ਉਹ ਉਦੋਂ ਛੋਟੀ ਜਿਹੀ ਨੌਕਰੀ ਤੇ ਲੱਗਾ ਹੋਇਆ ਸੀ । ਅਜੇ ਵੀ ਉਵੇਂ ਸੀ ਅਤੇ ਲਗਦਾ ਸੀ ਇਵੇਂ ਰਹੇਗਾ । ਸਚਦੇਵ ਦੀ ਮਾਂ ਨੇ ਪੁਰਾਣੇ ਖ਼ਿਆਲਾਂ ਦੀ ਹੋਣ ਕਾਰਣ ਕੁੜੀ ਨੂੰ ਵੇਖਣਾ ਪਰਖਣਾ ਮੁਨਾਸਬ ਨਹੀਂ ਸੀ ਸਮਝਿਆ । ਅਸਲ 'ਚ ਉਹ ਜਦੋਂ ਕੁੜੀ ਦੇਖਣ ਪਰਖਣ ਦੀ ਗੱਲ ਸੋਚਦੀ, ਉਹਨੂੰ ਆਪਣੀਆਂ ਧੀਆਂ ਚੇਤੇ ਆ ਜਾਂਦੀਆਂ । ਭਾਵੇਂ ਕੁੜੀ ਬਾਰੇ 'ਪੜੋ ਰਹੀ' ਹੀ ਦਸਿਆ ਗਿਆ ਸੀ ਪਰ ਵਿਆਹੀ ਆਉਣ ਤੋਂ ਬਾਅਦ ਪਤਾ ਲੱਗਾ ਕਿ ਉਹ ਵਿਦਿਆ ਵੱਲੋਂ ਤਾਂ ਬਿਲਕੁਲ ਕੋਰੀ ਸੀ ।