ਪੰਨਾ:ਉਸਦਾ ਰੱਬ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿਹਾ ।...
ਸਚਦੇਵ ਥੱਕ ਚੁੱਕਾ ਸੀ । ਪਰ ਨੀਂਦ ਉਸ ਕੋਲੋਂ ਡਰ ਰਹੀ ਸੀ । ਉਸਦੀ ਬੇਚੈਨੀ ਵੱਧ ਰਹੀ ਸੀ। ਉਹਤੋਂ ਉਥੇ ਨਾ ਬੈਠਾ ਜਾ ਰਿਹਾ ਸੀ ਨਾ ਟਹਿਲਿਆ ਜਾ ਰਿਹਾ ਸੀ । ਉਹ ਸਟੇਸ਼ਨ ਤੋਂ ਥੋੜ੍ਹੀ ਅਗਾਂਹ ਵਗਦੀ ਨਹਿਰ ਵੱਲ ਨੂੰ ਹੋ ਤੁਰਿਆ । ਗੱਡੀ ਦੇ ਆਉਣ ਤੋਂ ਪਹਿਲਾਂ ਹੀ ਉਹਨੇ ਆਪਣੇ ਆਪ ਨੂੰ ਪਾਣੀ ਨਾਲ ਇੱਕ ਮਿੱਕ ਕਰ ਲੈਣ ਬਾਰੇ ਸੋਚਿਆ ।
ਗਰਮ ਦੇਗਾਂ ਵਿੱਚ ‘ਸੀ' ਨਾ ਕਰਨ ਵਾਲੇ ਪੈਗੰਬਰਾਂ ਦੇ ਦੇਸ਼ ਦਾ ਉਹ ਨਵਯੁਵਕ ਠੰਢੇ ਪਾਣੀ 'ਚ ਕੁੱਦਣ ਲਈ ਤੇਜ਼ ਕਦਮੀ ਨਹਿਰ ਵੱਲ ਵਧ ਰਿਹਾ ਸੀ ।...
ਸਚਦੇਵ ਪੁਲ ਤੇ ਪੁੱਜ ਗਿਆ ਜਿਥੇ ਪਾਣੀ ਸ਼ੋਰ ਕਰਦਾ ਅੱਗੇ ਜਾਈਂ ਜਾ ਰਿਹਾ ਸੀ ਅਤੇ ਨਵਾਂ ਉਹਦੇ ਪਿਛੇ ਪਿਛੇ ਛੱਲਾਂ ਮਾਰਦਾ ਲੰਘੀਂ ਜਾ ਰਿਹਾ ਸੀ। ਨਹਿਰ ਦੇ ਕੰਢੇ ਦਰਖਤ ਖਾਮੋਸ਼ੀ ਦੀ ਚਾਦਰ ਲਪੇਟੀ ਖੜ੍ਹੇ ਸਨ। ਲਾਈਨ ਤੇ ਕੰਮ ਕਰ ਰਹੇ ਮਜ਼ਦੂਰ ਕਦੇ ਕਦੇ ਉਹਦੇ ਵੱਲ ਵੇਖਦੇ । ਕਿਸੇ ਦੀ ਉਹਨੂੰ ਕੁਝ ਪੁੱਛਣ ਦੀ ਹਿੰਮਤ ਨਹੀਂ ਸੀ । ਲਾਗਲੇ ਖੇਤਾਂ ਵਿੱਚ ਕਿਸਾਨ ਆਪਣੇ ਕੰਮੀਂ ਰੁਝੇ ਹੋਏ ਸਨ । ਕਿਸੇ ਮੁਟਿਆਰ ਨੂੰ ਰੋਟੀ ਲੈ ਕੇ ਆਈ ਵੇਖ ਉਹਨੂੰ ਆਪਣੇ ਪਿਆਰੇ ਦਿਨ ਚੇਤੇ ਆ ਗਏ।
ਦੂਜੇ ਹੀ ਪਲ ਉਹ ਆਪਣੀ ਪਤਨੀ ਨੂੰ ਗਾਲ੍ਹਾਂ ਕਢਣ ਲੱਗ ਪਿਆ । ਉਹਨੇ ਕਪੜਿਆਂ ਸਮੇਤ ਹੀ ਛਲਾਂਗ ਲਗਾਉਣ ਦਾ ਮਨ ਬਣਾਇਆ ਪਰ ਜੇਬ 'ਚ ਪਏ ਕਾਗਜ਼ ਦੇ ਭਿੱਜ ਜਾਣ ਅਤੇ ਉਹਦੇ ਅੱਖਰ ਧੋਤੇ ਜਾਣ ਦਾ ਚੇਤਾ ਆਇਆ ।...
ਜੇਬ੍ਹ 'ਚੋਂ ਕਾਗਜ਼ ਕੱਢ ਉਸਨੇ ਪੁਲ ਉਪਰ ਪੱਥਰ ਹੇਠ ਰੱਖ ਦਿੱਤਾ । ਫੇਰ ਉਸਨੂੰ ਖ਼ਿਆਲ ਆਇਆ ਕਿ ਉਸਦੀ ਲਾਸ਼ ਪਤਾ ਨਹੀਂ ਕਿਥੋਂ ਮਿਲੇ, ਕਾਗਜ਼ ਇਉਂ ਰੱਖਣ ਦਾ ਕੋਈ ਫਾਇਦਾ ਨਹੀਂ । ਉਸਨੇ ਕਾਗਜ਼ ਫਾੜ ਕੇ ਨਹਿਰ ਵਿੱਚ ਸੁੱਟ ਦਿੱਤਾ ।.....
ਲਾਸ਼ ਪਾਣੀ ਉਪਰ ਤੈਰ ਜਾਣ ਦੇ ਡਰੋਂ ਸਚਦੇਵ ਆਪਣੇ ਸ਼ਰੀਰ ਨਾਲ ਬੰਨ੍ਹਣ ਲਈ ਵੱਡੇ ਪੱਥਰ ਦੀ ਤਲਾਸ਼ ਕਰਨ ਲੱਗਾ । ਉਸਨੂੰ ਅਜਿਹਾ ਕੋਈ ਪੱਥਰ ਨਾ ਲੱਭਾ ਜਿਹੜਾ ਉਸਨੂੰ ਲੈ ਡੁੱਬਦਾ । ਦੂਰੋਂ ਧੂੰਆਂ ਛੱਡਦੀ ਆ ਰਹੀ ਗੱਡੀ ਨੇ ਉਹਦੇ ਪੱਥਰ ਲੱਭਣ ਦਾ ਫਿਕਰ ਹੀ ਦੂਰ ਕਰ ਦਿੱਤਾ। ਉਹ ਪੁਲ ਉਤੋਂ ਨਹਿਰ ਟੱਪਿਆ ਤੇ ਗੱਡੀ ਵੱਲ ਨੂੰ ਵਧਿਆ |...
ਮਜ਼ਦੂਰਾਂ 'ਚੋਂ ਦੇਖ ਕੇ ਕਿਸੇ ਨੇ ਪੱਕਾ ਹੀ ਅੰਦਾਜ਼ਾ ਲਾਇਆ - "ਆਹ ਬਾਊ ਜਿਆ ਮਰਨ ਨੂੰ ਫਿਰਦੈ !" ਪਰ ਕਿਸੇ ਨੇ ਉਹਨੂੰ ਰੋਕ ਲੈਣ ਦਾ ਹੌਸਲਾ ਨਾ ਕੀਤਾ। ਉਹ ਮੌਤ ਨੂੰ ਜੱਫੀ ’ਚ ਘੁੱਟ ਲੈਣ ਲਈ ਭੱਜਿਆ ਜਾ ਰਿਹਾ ਸੀ । ਉਹ ਅਜੇ ਗੱਡੀ ਤੀਕ ਪਹੁੰਚਿਆ ਵੀ ਨਹੀਂ ਸੀ ਕਿ ਗੱਡੀ ਖੜੋ ਕੇ ਉਹਦਾ ਮੂੰਹ ਚਿੜ੍ਹਾਉਣ ਲੱਗੀ । ਉਸਦੀ ਮੁਸਕਰਾਹਟ ਨੂੰ ਵੀ ਗੁੱਸਾ ਆ ਗਿਆ ਅਤੇ ਉਹ ਗੰਭੀਰ ਜਿਹਾ ਹੋ ਗਿਆ ।...
ਪੁਲ ਉਤੇ ਕੰਮ ਹੋਣ ਕਾਰਣ ਹਰ ਗੱਡੀ ਹੌਲੀ ਹੋ ਕੇ ਪੁਲ ਪਾਰ ਕਰਦੀ ਸੀ । ਹੌਲੀ ਗੱਡੀ ਹੇਠ ਆ ਕੇ ਮਰਨ ਨੂੰ ਉਹਨਾ ਚਿੱਤ ਨਾ ਕੀਤਾ ਅਤੇ ਉਹ ਬਿਨਾਂ ਟਿਕਟ ਹੀ ਗੱਡੀ

22/ਖ਼ੁਦਕਸ਼ੀ