ਪੰਨਾ:ਉਸਦਾ ਰੱਬ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੇ ਸਾਰਾ ਸ਼ਹਿਰ ਗਾਹ ਮਾਰਿਆ ਸੀ ਪਰ ਦਵਾਈ ਕਿਧਰੋਂ ਵੀ ਹੱਥ ਨਾ ਲੱਗੇ । ਉਸ ਨੂੰ ਡਾਕਟਰ ਜਦੋਂ ਵੀ ਦਵਾਈ ਲਿਖ ਕੇ ਦਿੰਦਾ ਇਹੋ ਸੋਚ ਕੇ ਲਿਖਦਾ ਹੋਏਗਾ ਕਿ ਇਹ ਦਵਾਈ ਇਸ ਨੂੰ ਇਸ ਸ਼ਹਿਰ ਵਿਚੋਂ ਨਾ ਮਿਲੇ । ਉਸਦੇ ਨਾਲ ਦੇ ਮਰੀਜ਼ਾਂ ਦੇ ਵਾਰਸ ਉਸ ਨੂੰ ਕਹਿੰਦੇ ਸੁਣੇ ਸਨ "ਭਾਈ ਪੈਸੇ ਝੌਕ ਦੇ ਇਹਨੂੰ ਪੈਸੇ" ਪਰ ਦਵਾਈਆਂ ਖਰੀਦਣ ਤੋਂ ਬਿਨਾਂ ਪੈਸੇ ਦੇਣ ਬਾਰੇ ਉਹ ਸੋਚ ਵੀ ਨਹੀਂ ਸਕਦਾ ਸੀ ।

ਮਹੀਨੇ ਤੋਂ ਉਤੇ ਦੀ ਖੱਜਲ ਖੁਆਰੀ ਵਿੱਚ ਉਹ ਆਪਣੇ ਅਫ਼ਸਰ ਨੂੰ ਕਹਿਣ ਲਈ ਝਕਦਾ ਹੀ ਰਿਹਾ। ਜਦੋਂ ਪਾਣੀ ਸਿਰ ਉਤੋਂ ਦੀ ਲੰਘਣ ਨੂੰ ਹੋ ਗਿਆ, ਉਸਨੇ ਅਫਸਰ ਨੂੰ ਮਿਲਣ ਦਾ ਮਨ ਬਣਾ ਲਿਆ । ਉਸਨੂੰ ਆਪਣੇ ਅਫਸਰ ਦੀ ਯਾਦ ਆਈ ਜਿਸਦਾ ਬਾਪੂ ਦਿਨਾਂ ਵਿੱਚ ਹੀ ਠੀਕ ਹੋ ਗਿਆ ਸੀ। ਸਾਰੇ ਡਾਕਟਰ ਉਸਦੇ ਦੋਸਤ ਸਨ । ਇਸੇ ਕਰਕੇ ਉਹਨਾਂ ਨੇ ਉਸਦੇ ਬਾਪੂ ਦਾ ਇਲਾਜ ਆਪਣਾ ਸਮਝ ਕੇ ਕੀਤਾ ਸੀ। ਅਫਸਰ ਦੇ ਦਿਮਾਗ ਤੇ ਦਵਾਈਆਂ ਖਰੀਦਣ ਦਾ ਬੋਝ ਨਹੀਂ ਸੀ । ਪਤਾ ਨਹੀਂ ਉਸ ਦੀਆਂ ਸਾਰੀਆਂ ਦਵਾਈਆਂ ਇਸ ਸ਼ਹਿਰ ਤੋਂ ਕਿਵੇਂ ਮਿਲਦੀਆਂ ਰਹੀਆਂ ਸਨ | ਅਫਸਰ ਦੀ ਯਾਦ ਆਉਂਦਿਆਂ ਹੀ ਉਹ ਥੋੜਾ ਕੁ ਮੁਸਕਰਾ ਪਿਆ ।

ਥੱਕਿਆ ਟੁੱਟਿਆ ਉਹ ਪੈਰ ਘਸੀਟਦਾ ਅਫਸਰ ਦੇ ਘਰ ਵੱਲ ਨੂੰ ਵਧ ਰਿਹਾ ਸੀ । ਅਫਸਰ ਘਰ ਨਹੀਂ ਸੀ । ਉਸਨੂੰ ਲੱਗਾ ਜਿਵੇਂ ਉਸਨੂੰ ਕੋਈ ਵੀ ਨਹੀਂ ਮਿਲੇਗਾ-ਦਵਾਈ ਨਹੀਂ, ਅਫਸਰ ਵੀ ਨਹੀਂ...ਅਤੇ ਉਸਦੀ ਬੇਬੇ ...? ਬੇਬੇ ਦਾ ਖਿਆਲ ਆਉਂਦਿਆਂ ਹੀ ਉਸਦੇ ਹੰਝੂ ਨੈਣਾਂ ਦੇ ਬੂਹੇ ਆ ਬੈਠੇ ਜਿਹਨਾਂ ਨੂੰ ਉਸ ਨੇ ਬੜੀ ਮੁਸ਼ਕਿਲ ਨਾਲ ਡੱਕਿਆ।

ਅਫਸਰ ਦੇ ਘਰੋਂ ਪਤਾ ਲੱਗਾ ਸੀ ਕਿ ਉਹ ਦਫ਼ਤਰ ਗਿਆ ਹੋਇਆ ਹੈ। ਉਸਨੂੰ ਉਹਨਾਂ ਦਿਨਾਂ ਦੀ ਯਾਦ ਆਈ ਜਦੋਂ ਉਸਨੇ ਅਫਸਰ ਦੀ ਮੁਸ਼ਕਲ ਸਮੇਂ ਮਦਦ ਕੀਤੀ ਸੀ। ਉਸ ਨੂੰ ਅਫਸਰ ਨੇ ਕਿਹਾ ਸੀ, “ਜੇ ਮੈਂ ਤੇਰੀ ਕੋਈ ਮਦਦ ਕਰਨ ਜੋਗਾ ਹੋਇਆ ਤਾਂ ਮੈਨੂੰ ਯਾਦ ਕਰੀ |" ਦਫਤਰ ਵੱਲ ਵਧਦਿਆਂ ਉਸਦੇ ਕਦਮ ਖੁਸ਼ੀ ਨਾਲ ਥਿਰਕਦੇ ਜਾ ਰਹੇ ਸਨ । ਉਸ ਨੂੰ ਪੂਰੀ ਆਸ ਸੀ ਕਿ ਉਸਦਾ ਕੰਮ ਬਣ ਹੀ ਜਾਵੇਗਾ ! ਉਸਦੇ ਜਾਂਦਿਆਂ ਹੀ ਉਸਦੇ ਅਫਸਰ ਨੇ ਡਾਕਟਰ ਨੂੰ ਟੈਲੀਫੂਨ ਕਰ ਦੇਣਾ ਹੈ ਜਾਂ ਹੋ ਸਕਦਾ ਹੈ ਉਠ ਕੇ ਨਾਲ ਹੀ ਤੁਰ ਪਵੇ । ਇੰਨਾਂ ਕੁ ਹੀ ਸੋਚ ਕੇ ਉਹ ਝੂਮ ਝੂਮ ਕੇ ਤੁਰਨ ਲਗ ਪਿਆ । ਉਸਨੂੰ ਖੱਜਲ ਖੁਆਰੀ ਕਾਰਨ ਹੋਈ ਥਕਾਵਟ ਭੁਲਦੀ ਜਾ ਰਹੀ ਸੀ ।

ਅਫਸਰ ਦਾ ਘਰ ਦਫ਼ਤਰ ਦੇ ਕੋਲ ਹੀ ਸੀ । ਉਸਨੂੰ ਦਫਤਰ ਪੁੱਜਣ 'ਚ ਕੋਈ ਦੇਰ ਨਾ ਲੱਗੀ। ਉਸਨੂੰ ਚੌਕੀਦਾਰ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਉਸ ਨੂੰ ਅਫਸਰ ਨੇ ਘਰੋਂ ਬਲਾਇਆ ਸੀ ਪਰ ਉਹ ਕਿਧਰੇ ਵੀ ਨਾ ਮਿਲਿਆ ਚੌਕੀਦਾਰ ਡਰਿਆ ਬੈਠਾ ਸੀ । ਉਸਨੇ ਮਨ ਹੀ ਮਨ ਸੋਚਿਆ ਕਿ ਛੋਟੇ ਬੰਦੇ ਐਵੇਂ ਈ ਡੋਲ ਜਾਂਦੇ ਹਨ । ਇਹਨਾਂ ਨੂੰ ਜੇ ਅਫਸਰ ਦਾ ਬੁਲਾਇਆ ਬੰਦਾ ਦੋ ਮਿੰਟ ਨਾ ਮਿਲੇ ਤਾਂ ਇਹ ਸੋਚਣਗੇ ਕਿ ਬਸ ਹੁਣ ਤਾਂ ਅਫਸਰ ਨੇ ਇਸਨੂੰ ਫ਼ਾਹੇ ਟੰਗ ਦੇਣੈ ਪਰ ਅਸਲੀ ਗੱਲ ਕੁਝ ਵੀ ਨਹੀਂ ਹੁੰਦੀ ।

ਉਸ ਦਾ ਰੱਬ/31