ਪੰਨਾ:ਉਸਦਾ ਰੱਬ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਐਵੇਂ ਝਿੜਕ ਝੰਬ ਕਰਨ ਲਈ ਦਫਤਰ ਆ ਬੈਠਾ ਸੀ। ਇਸੇ ਲਈ ਉਸਨੂੰ ਵੇਖਣ ਸਾਰ ਉਹ ਗੁੱਸੇ ਵਿੱਚ ਉਤੇ ਉਤੇ ਹੀ ਚੜ੍ਹਦਾ ਜਾ ਰਿਹਾ ਸੀ ਜਿਵੇਂ ਗਿੱਲੇ ਗੋਹਿਆਂ 'ਚੋਂ ਕਾਹਲੀ ਕਾਹਲੀ ਧੂੰਆਂ ਅਸਮਾਨ ਵੱਲ ਨੂੰ ਚੜ੍ਹ ਰਿਹਾ ਹੁੰਦਾ ਹੈ । ਨ।
“ਤੂੰ ਫੇਰ ਆ ਗਿਐ ? ਤੈਨੂੰ ਇਕ ਵਾਰੀ ਜੁ ਕਿਹੈ ਦਫਾ ਹੋ ਜਾਂ ਏਥੋਂ" ਅਫਸਰ ਉਸਨੂੰ ਦੇਖਕੇ ਇਉਂ ਚਿੜ੍ਹ ਰਿਹਾ ਸੀ ਜਿਵੇਂ ਉਹ ਵੱਡਾ ਗੁਨਾਹ ਕਰ ਬੈਠਾ ਹੋਵੇ । 'ਮੈਂ ਜੀ ਅਸਲ 'ਚ ਘਰੋਂ ਨਹੀਂ...|' ਉਹ ਉਸਦੀ ਸੁਣੀ ਅਨਸੁਣੀ ਕਰਕੇ ਆਪਣੀ ਗੱਲ ਸੁਣਾਉਣ ਦਾ ਹੌਸਲਾ ਕਰ ਰਿਹਾ ਸੀ । "ਮੈਨੂੰ ਸਭ ਪਤੈ ...ਤੂੰ ਹੁਣ ਆ ਗਿਐਂ ਅਵਾਰਾਗਰਦੀ ਕਰਕੇ ...ਬਸ ਦੂਰ ਹੋ ਜਾ ਮੇਰੀਆਂ ਅੱਖਾਂ ਅੱਗੋ...|" ਉਸਨੂੰ ਇਕ ਦਮ ਬਾਹਰ ਨਿਕਲਣਾ ਪਿਆ ਜਦੋਂ ਇੱਕ ਇਲਜ਼ਾਮ ਉਸਦੇ ਮੱਥੇ ਆ ਚਿਪਕਿਆ ।
ਆਪਣੇ ਕਮਰੇ ਵਿੱਚ ਆਕੇ ਉਹਨੇ ਸੋਚਿਆ “ਕੀ ਧਰਿਆ ਪਿਐ ਇਹੋ ਜਿਹੀ ਨੌਕਰੀ ਵਿੱਚ ?" ਉਸਨੇ ਅਸਤੀਫਾ ਦੇਣ ਬਾਰੇ ਸੋਚਿਆ | ਦਵਾਈ ਵਾਲੀ ਪਰਚੀ ਜੇਬ 'ਚੋਂ ਕਢ ਕੇ ਦੇਖੀ । ਫਿਰ ਜੇਬ ਵਿੱਚ ਪਾ ਲਈ । ਕਾਗਜ਼ ਚੁੱਕ ਕੇ ਉਸ ਨੇ ਅਸਤੀਫਾ ਲਿਖ ਦਿੱਤਾ । ਉਸਦੇ ਅੰਦਰੋਂ ਆਵਾਜ਼ ਆਈ ਜਿਵੇਂ ਬੇਬੇ ਆਖ ਰਹੀ ਹੋਵੇ “ਅਸਤੀਫਾ ਦੇ ਕੇ ਮੇਰਾ ਇਲਾਜ ਨਹੀਂ ਹੋਣਾ ।" ਉਹ ਸਿਰ ਸੁੱਟ ਕੇ ਬੈਠ ਗਿਆ ਪਰ ਦੂਜੇ ਹੀ ਪਲ ਇਉਂ ਖੜ੍ਹਾ ਹੋ ਗਿਆ ਜਿਵੇਂ ਕੰਡਿਆਂ ਤੋਂ ਉਠਿਆ ਹੋਵੇ ।
ਉਹ ਬੇਚੈਨ ਜਿਹਾ ਹੋਇਆ ਕਮਰੇ ਵਿੱਚ ਹੀ ਐਧਰ ਓਧਰ ਘੁੰਮਣ ਲੱਗਾ । ਉਸਦਾ ਅਫਸਰ ਉਠ ਕੇ ਚਲਿਆ ਗਿਆ । ਉਹ ਸੋਚਦਾ ਰਿਹਾ ਕਿ ਇਹੋ ਜਿਹਾ ਕਿਹੜਾ ਕੰਮ ਹੋ ਸਕਦਾ ਹੈ ਜਿਸ ਲਈ ਉਸਨੂੰ ਸਵੇਰ ਦੇ ਲਭ ਵੀ ਰਹੇ ਸਨ ਅਤੇ ਉਸਦੇ ਆ ਜਾਣ ਤੇ ਬਿਨਾਂ ਕੰਮ ਕਰਵਾਇਆਂ ਹੀ ਚਲਾ ਗਿਆ ਸੀ ।
ਉਹ ਅਜੇ ਅਫਸਰ ਦੇ ਚਲੇ ਜਾਣ ਬਾਰੇ ਸੋਚ ਹੀ ਰਿਹਾ ਸੀ ਕਿ ਉਸਦਾ ਇਕ ਕੁਲੀਗ ਕਮਰੇ ਵਿੱਚ ਆਇਆ | "ਸੁਣਾ ਬਈ, ਬੜੇ ਚੰਟ ਕਰੇ ਹੋਏ ਨੇ ਘਰ ਵਾਲੇ ?" ਉਸਨੇ ਮੇਜ਼ ਤੇ ਹੀ ਬੈਠ ਕੇ ਉਹਦੀ ਬੇਚੈਨੀ ਤੇ ਸੱਟ ਮਾਰੀ । "ਤੈਨੂੰ ਕਿੰਨਾ ਕੁ ਦਿੱਤੈ... ਛੁੱਟੀ ਆਲੇ ਦਿਨ ਹੀ ਬੁਲਾਉਣਾ ਸੀ ਭਲਾ...?" ਕੁਲੀਗ ਬੋਲਦਾ ਗਿਆ ਅਤੇ ਉਹ ਸੋਚਦਾ ਰਿਹਾ, ਉਸਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਅਫਸਰ ਇਸ ਨੂੰ ਕੀ ਦੇ ਗਿਆ ਹੋਵੇਗਾ ।
ਦਫਤਰ ਵਿੱਚ ਹੋਰ ਕੋਈ ਨਹੀਂ ਸੀ । ਸਰਕਾਰੀ ਕੰਮ ਲਈ ਅਜਿਹੀ ਕੋਈ ਹਫੜਾ ਦਫੜੀ ਮਚੀ ਨਹੀਂ ਸੀ ਲਗ ਰਹੀ । ਉਸਨੇ ਅਫਸਰ ਦੀ ਐਮ. ਏ. 'ਚ ਪੜ੍ਹਦੀ ਕੁੜ ਬਾਰੇ ਸੋਚਿਆ ਕਿ ਸ਼ਾਇਦ ਉਸਦੇ ਨੋਟਸ ਟਾਈਪ ਕਰਨੇ ਹੋਣ । ਇਮਤਿਹਾਨ ਸਿਰ ਤੇ ਖੜ੍ਹੇ ਦੇਖ ਉਸਨੂੰ ਇਹ ਖਿਆਲ ਝੂਠਾ ਝੂਠਾ ਲੱਗਾ । ਪਰ ਇਹ ਖਿਆਲ ਸੱਚ ਹੀ ਨਿਕਲਿਆ ਜਦੋਂ ਉਸ ਦੇ ਕੁਲੀਗ ਨੇ ਦਸਿਆ ਕਿ ਉਸ ਨੇ ਕਿਸੇ ਦੇ ਨੋਟਸ ਉਧਾਰੇ ਮੰਗੇ ਹਨ ਜੋ ਬਹੁਤ ਛੇਤੀ ਚਾਹੀਦੇ ਹਨ । ਉਸ ਦਾ ਕੁਲੀਗ ਤਾਂ ਐਵੇਂ ਚਿੱਠੀ ਪੱਤਰ ਦੇਖਣ ਆਇਆ ਹੀ ਫਸ ਬੈਠਾ ਸੀ ।

ਉਸ ਦਾ ਰੱਬ/33