ਪੰਨਾ:ਉਸਦਾ ਰੱਬ.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਉਹ ਇੰਦਰ ਕੋਲ ਮੁਰਝਾਇਆ ਜਿਹਾ ਚਿਹਰਾ ਲੈ ਕੇ ਗਿਆ | ਉਸਨੇ ਦਸਿਆ ਕਿ ਉਹ ਤਾਂ ਨੌ ਸੌ ਰੁਪਿਆ ਹੀ ਖਰਚ ਕਰ ਚੁੱਕੀ ਹੈ । ਅਧਿਆਪਕਾਵਾਂ ਨੂੰ ਬਾਥਰੂਮ ਤੋਂ ਬਿਨਾਂ ਲੋਕਾਂ ਦੇ ਘਰੀਂ ਜਾਣਾ ਪੈਂਦਾ ਸੀ, ਉਸਦੀ ਉਸਾਰੀ ਬੜੀ ਜ਼ਰੂਰੀ ਸੀ । ਕੰਧਾਂ ਅਧ ਪਚਧ ਖੜ੍ਹੀਆਂ ਹੋ ਸਕੀਆਂ ਨੇ...ਛੱਤ ਅਗਲੀ ਗਰਾਂਟ ਵਿੱਚ ਪੈ ਜਾਏਗੀ । ਕੰਪਾਊਂਡ ਵਾਲ ਦੀ ਥਾਂ ਪੁਰਾਣੀ ਤਾਰ ਇੱਕ ਕਿਸਾਨ ਤੋਂ ਸਸਤੇ ਮੁੱਲ ਲੈ ਲਈ ਸੀ । (ਉਂਝ ਤਾਰ ਤਾਂ ਕਿਸਾਨ ਨੇ ਸਕੂਲ ਨੂੰ ਦਾਨ ਕਰਕੇ ਮੁਲਾਹਜ਼ਾ ਪੂਰ ਲਿਆ ਸੀ) । ਤਾਰ ਲਾਉਣ ਲਈ ਡੰਡੇ ਵਢਣੇ ਸ਼ੁਰੂ ਕੀਤੇ ਤਾਂ ਜੰਗਲਾਤ ਮਹਿਕਮੇ ਨੇ ਤੰਗ ਕਰਨਾ ਸ਼ੁਰੂ ਕੀਤਾ । ਡੰਡੇ ਵੀ ਮੁੱਲ ਲੈਣੇ ਪਏ । ਹਾਲਾਂ ਕਿ ਅਜਿਹਾ ਨਹੀਂ ਸੀ ਹੋਇਆ । ਡੰਡੇ ਤਾਂ ਤਾਰ ਲਾਉਣ ਦੀ ਵਰਤੋਂ ਤੋਂ ਇਲਾਵਾ ਉਸਦੇ ਘਰ ਦੋ ਮਹੀਨੇ ਦੇ ਬਾਲਣ ਲਈ ਵੀ ਪਹੁੰਚਾ ਦਿੱਤੇ ਗਏ ਸਨ । ਪੰਪ ਵਿਚੋਂ ਪਾਣੀ ਨਾ ਆਉਣ ਕਰਕੇ ਸਕੂਲ ਦੇ ਬਚਿੱਆਂ ਨੂੰ ਬੜੀ ਤਕਲੀਫ ਸਹਿਣੀ ਪੈਂਦੀ ਸੀ । ਪੰਪ ਦੇ ਹੇਠਾਂ ਸਾਰੇ ਪਾਈਪ ਨੂੰ ਜ਼ਰ ਹੀ ਲਗੀ ਹੋਈ ਸੀ ਪਰ ਕਾਗਜ਼ਾਂ ਵਿੱਚ ਉਸ ਨੇ ਫਿਲਟਰ ਸਣੇ ਪਾਈਪ ਬਦਲ ਲਈ ਸੀ । ਪਾਈਪ ਦੀ ਰਸੀਦ ਉਸ ਨੇ ਬਜ਼ਾਰੋਂ ਲੈ ਲਈ ਸੀ ।
ਇੰਦਰ ਸਿਰ ਫੜ ਕੇ ਬਹਿ ਗਿਆ । “ਭਲਿਆ ਮਾਣਸਾ, ਐਨਾ ਖ਼ਰਚ ਕਰਨ ਦੀ ਕੀ ਲੋੜ ਸੀ ? ਤੇਰੇ ਵਰਗੇ ਤਾਂ ਵਡਿਆਂ ਵਡਿਆਂ ਦੇ ਕੰਨ ਕੁਤਰ ਜਾਂਦੇ ਨੇ.. ਪਰ .. ਚਲ ਲਿਆ ਉਰਾਂ ਕਰ ਪੰਜਾਹ ਰੁਪਏ" ਉਹ ਪੰਜਾਹ ਰੁਪਏ ਜੇਬ ਵਿੱਚ ਪਾਉਂਦਾ ਐਨਾ ਭਾਵਕ ਹੋ ਗਿਆ ਕਿ ਉਸ ਨੂੰ ਚਾਹ ਪਾਣੀ ਵੀ ਨਾਂ ਪੁੱਛ ਸਕਿਆ । ਉਸਦੀ ਆਪਣੀ ਉਬਲ ਪੁਥਲ ਨੇ ਹੀ ਉਸ ਨੂੰ ਵਿਦਾ ਕਰ ਦਿੱਤਾ ।
ਨਵਦੀਪ ਖੁਦ ਉਥੋਂ ਛੇਤੀ ਆਉਣ ਬਾਰੇ ਸੋਚ ਰਿਹਾ । ਉਸ ਨੇ ਛੇਤੀ ਨਾਲ ਬੈਂਕ ਜਾ ਕੇ ਸਾਢੇ ਨੌਂ ਸੌ ਰੁਪਿਆ ਜਮ੍ਹਾਂ ਕਰਵਾ ਦਿੱਤਾ। ਦੇ
ਪਹਿਲੇ ਸਕੂਲ 'ਚੋਂ ਉਸ ਨੂੰ ਦਸ ਕੁ ਮਿੰਟ ਲੇਟ ਆਉਣ ਕਾਰਣ ਗੈਰ ਹਾਜ਼ਰ ਕਰਾਰ ਦੇ ਦਿੱਤਾ ਗਿਆ ਸੀ । ਜਦੋਂ ਉਥੋਂ ਦੇ ਅਫਸਰ ਉਸਨੂੰ ਤੰਗ ਕਰਨੋਂ ਨਾ ਹਟੇ ਤਾਂ ਉਸਨੇ ਉਥੋਂ ਬਦਲੀ ਕਰਵਾ ਲਈ ਸੀ । ਪਰ ਉਸੇ ਡਰ ਦਾ ਪ੍ਰਛਾਵਾਂ ਉਸਦੀ ਜ਼ਿੰਦਗੀ ਤੇ ਫੇਰ ਪਸਰ ਗਿਆ । ਉਸਦੀ ਮੰਜ਼ਿਲ ਦੇ ਰਾਹ ਮੂਹਰੇ ਖਾਈ ਪੁੱਟ ਕੇ ਉਲਟਾ ਰਾਹ ਖੋਲ੍ਹ ਦਿੱਤਾ ਗਿਆ । ਭਟਕਣ ਵੱਲ ਨੂੰ ਜਾਂਦਾ ਰਾਹ ।
ਉਸਦੇ ਮੱਥੇ ਤੇ ਆਇਆ ਪਸੀਨਾ ਮਜ਼ਬੂਰੀ ਦੇ ਹੱਥਾਂ ਨੇ ਪੂੰਝ ਦਿੱਤਾ।
ਪਹਿਲਾਂ ਪਹਿਲਾਂ ਤਾਂ ਉਹ ਜਦੋਂ ਬਜ਼ਾਰੋਂ ਰਸੀਦ ਬਣਵਾ ਰਿਹਾ ਹੁੰਦਾ, ਉਸਦੇ ਅੰਦਰੋਂ ਉਠੀ ਆਵਾਜ਼ ਉਸਨੂੰ ਗਲਤ ਕੰਮ ਕਰਨ ਤੋਂ ਵਰਜਦੀ । ਅਫਸਰ ਦਾ ਹੁਕਮ ਉਸ ਨੂੰ ਸਾਰਾ ਕੁਝ ਕਰਨ ਤੇ ਮਜ਼ਬੂਰ ਕਰਦਾ ਰਿਹਾ । ਉਹ ਮਨ ਨੂੰ ਮਾਰਦਾ ਖੁਦ ਮੁਰਦਾ ਤੇ ਭਾਵਨਾ ਹੀਣ ਬਣ ਬੈਠਾ । ਉਸਦੇ ਅੰਦਰ ਰਚਿਆ ਦੇਸ਼ ਪਿਆਰ ਦਾ ਜਜ਼ਬਾ ਧੁਖਦੀ ਸਿਗਰਟ ਦੀ ਸਵਾਹ ਵਾਂਗ ਝੜ ਕੇ ਬਿਖਰ ਗਿਆ।

ਉਸ ਦਾ ਰੱਬ/39