ਪੰਨਾ:ਉਸਦਾ ਰੱਬ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਨਵਦੀਪ ਜਮਾਤ ਵਿੱਚ ਉਤਨਾ ਧਿਆਨ ਨਾਲ ਨਾ ਪੜ੍ਹਾ ਸਕਦਾ । ਉਹ ਉਹਨਾਂ ਦਿਨਾਂ ਨੂੰ ਹੀ ਭੁੱਲ ਗਿਆ ਜਦੋਂ ਉਹ ਸੋਚਿਆ ਕਰਦਾ ਸੀ ਕਿ ਉਹ ਦੇਸ਼ ਦੇ ਭਵਿੱਖ ਦੀ ਨੀਂਹ ਆਪਣੇ ਹੱਥੀਂ ਬੜੀ ਮਜ਼ਬੂਤ ਰੱਖੇਗਾ । ਜਦੋਂ ਉਸਦੇ ਆਪਣੇ ਘਰ ਦੇ ਕਿਸੇ ਬੱਚੇ ਵੱਲ ਕੋਈ ਅਧਿਆਪਕ ਧਿਆਨ ਨਾ ਦੇ ਸਕਦਾ ਤਾਂ ਉਹ ਸੋਚਦਾ ਹੁੰਦਾ ਸੀ ਕਿ ਜਦੋਂ ਉਹ ਸਕੂਲ ਵਿੱਚ ਕਦਮ ਰੱਖੇਗਾ । ਉਹ ਸਭ ਦੇ ਬਚਿਆਂ ਨੂੰ ਆਪਣੇ ਬੱਚੇ ਸਮਝੇਗਾ ।
ਪਰ ਹੁਣ ਉਸਦੀ ਜਮਾਤ ਦੇ ਜੁਆਕ ਰੌਲਾ ਪਾਉਂਦੇ ਰਹਿੰਦੇ, ਸ਼ਰਾਰਤਾਂ ਕਰਦੇ ਰਹਿੰਦੇ, ਛੇੜ ਛਾੜ ਕਰਦੇ ਰਹਿੰਦੇ । ਕਿਸੇ ਦੀ ਕੋਈ ਚੀਜ਼ ਚੁੱਕ ਤੇ ਛੁਪਾ ਲੈਂਦੇ । ਕਿਤਾਬ ਫਾੜ ਦਿੰਦੇ । ਹੱਥੋ ਪਾਈ ਹੋ ਪੈਂਦੇ । ਝਾੜ ਝੰਬ ਕਰਨ ਲਈ ਨਵਦੀਪ ਉਹਨਾਂ ਵਿੱਚ ਆਉਂਦਾ ਤਾਂ ਕਿਸੇ ਕਸੂਰਵਾਰ ਦਾ ਪਤਾ ਨਾ ਲਗ ਸਕਦਾ । ਉਹ ਉਹਨਾਂ ਨੂੰ ਪੜ੍ਹਨ ਨੂੰ ਕਹਿੰਦਾ, ਪਾਠ ਯਾਦ ਕਰਨ ਨੂੰ ਕਹਿੰਦਾ । ਪਰ ਕਈ ਕਈ ਦਿਨ ਪਾਠ ਸੁਣ ਨਾ ਸਕਦਾ । ਜੇ ਕਿਸੇ ਦਿਨ ਉਹਨੂੰ ਪਾਠ ਸੁਣਨ ਦਾ ਖਿਆਲ ਆਉਂਦਾ ਤਾਂ ਬੱਚੇ ਕਹਿੰਦੇ "ਕਲ੍ਹ ਤਾਂ ਜਾਦ ਤੀ ਜੀ, ਅੱਜ ਏ ਭੁਲਿਐ ... ਹੁਣ ਜਾਦ ਕਰ ਲੀਏ ਜੀ !" ਉਹਨਾਂ ਨੂੰ ਕਦੇ ਵੀ ਪਾਠ ਯਾਦ ਨਾ ਹੁੰਦਾ |
ਨਵਦੀਪ ਨੂੰ ਹੁਣ ਇਕੋ ਈ ਕੰਮ ਯਾਦ ਰਹਿ ਗਿਆ ਹੈ । ਡੀ. ਈ. ਓ. ਇੰਦਰ ਦੇ ਸਕੂਲ ਦਾ ਗੇਟ ਵੜਦਿਆਂ ਹੀ ਨਵਦੀਪ ਕਬਾੜ ਨੂੰ ਛੁੱਟੀ ਕਰ ਦੇਵੇਗਾ । ਉਹ (ਵਿਦਿਆਰਥੀ ਬੱਚੇ) ਕਬਾੜ ਹੋਈਆਂ ਕਿਤਾਬਾਂ ਨੂੰ ਫਟੂ ਫਟੂ ਕਰਦੇ ਬਸਤਿਆਂ ਵਿੱਚ ਸਾਂਭੀ ਸਕੂਲ ਦੇ ਖੇਡ ਮੈਦਾਨ ਵਿੱਚ ਬਿਖਰ ਜਾਣਗੇ ਅਤੇ ਉਹ ਦੋਵੇਂ ਸਕੂਲ ਦੇ ਸੁਧਾਰ ਲਈ ਕੋਈ ਨਾ ਕੋਈ ਨਵੀਂ ਸਕੀਮ ਉਲੀਕ ਰਹੇ ਹੋਣਗੇ ....

40/ਕਬਾੜ