ਪੰਨਾ:ਉਸਦਾ ਰੱਬ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਰਾਂ ਵਾਲਾ ਸੱਪ

...ਹਾਰ ਕੇ ਮੈਂ ਮਕਾਨ ਛੱਡਣ ਦਾ ਫੈਸਲਾ ਕਰ ਲਿਆ | ਬੱਚਿਆਂ ਨੂੰ ਨਵੇਂ ਥਾਂ ਜਾ ਕੇ ਨਵੇਂ ਦੋਸਤ ਬਨਾਓਣ ਦਾ ਚਾਅ ਸੀ ਅਤੇ ਮੈਨੂੰ ਇਸ ਘਰ ਤੋਂ ਵਿਛੜਣ ਦਾ ਦੁੱਖ । ਜਿੰਦੇ ਨੂੰ ਫੜ ਕੇ ਹੱਥ ਵਿੱਚ ਐਵੇਂ ਘੁਮਾਈ ਜਾ ਰਿਹਾ ਸਾਂ | ਘਰ ਦੀ ਹਿਫ਼ਾਜ਼ਤ ਕਰਨ ਦੀ ਜਿੰਦੇ ਨੂੰ ਹੀ ਹਿਦਾਇਤ ਕਰੀਂ ਜਾ ਰਿਹਾ ਸਾਂ ।
ਅੱਗੇ ਲੰਘਿਆ ਹੋਇਆ ਟਾਂਗਾ ਵਾਪਸ ਆਉਣਾ ਸੀ । ਜਿਸ ਦੀ ਉਡੀਕ ਕਰਦਿਆਂ, ਵਿਹਲਾ ਖੜ੍ਹਾ ਵੇਖ, ਕਈ ਪੁਰਾਣੀਆਂ ਯਾਦਾਂ ਮੇਰੇ ਦੁਆਲੇ ਮੰਡਲਾਉਣ ਲੱਗੀਆਂ ।... ਆ
ਕੋਈ ਵੀਹ ਬਾਈ ਸਾਲ ਪਹਿਲਾਂ ਸਾਡੇ ਵਿਹੜੇ ਇੱਕ ਰੁੱਖ ਹੁੰਦਾ ਸੀ-ਛਾਂਦਾਰ ਰੁੱਖ । ਇਸ ਰੁੱਖ ਦੀ ਠੰਢੀ ਛਾਵੇਂ ਜੁੜੀਆਂ ਮਹਿਫਲਾਂ ਅਤੇ ਪਿਆਰ ਮੁਹੱਬਤ ਦੇ ਸਾਂਝੇ ਗੀਤਾਂ ਦੀ ਗੂੰਜ ਅਜੇ ਵੀ ਕਦੇ ਕਦੇ ਮੇਰੇ ਕੰਨਾਂ ਵਿੱਚ ਉਚੀ ਹੋ ਉਠਦੀ ਹੈ । ਉਹ ਬਚਪਨ ਦੀਆਂ ਯਾਦਾਂ ਭੁਲਾਇਆਂ ਵੀ ਨਹੀਂ ਭੁੱਲਦੀਆਂ ।
ਉਨ੍ਹਾਂ ਦਿਨਾਂ 'ਚ ਹੀਰੋ ਦਾ ਨਿਮੰ’ ਮਸ਼ਹੂਰ ਸੀ । ਜਿਸ ਨੂੰ ਵੀ ਲੱਭਣਾ ਹੁੰਦਾ ਉਹ 'ਹੀਰੋ ਕੇ ਨਿਮ' ਹੇਠੋਂ ਲਭਿਆ ਜਾ ਸਕਦਾ । ਕਿਸੇ ਦਾ ਬੱਚਾ ਗਵਾਚਿਆ ਹੁੰਦਾ, ਸਭ ਤੋਂ ਪਹਿਲਾਂ 'ਨਿੰਮ' ਦਾ ਫੇਰਾ ਮਾਰ ਕੇ ਫੇਰ ਹੋਰ ਕਿਧਰੇ ਲਭਣਾ ਸ਼ੁਰੂ ਕਰਦੇ ।
ਪਤਾ ਨਹੀਂ ਉਸ ਨਿੰਮ ਵਿੱਚ ਕੀ ਜਾਦੂ ਸੀ ਕਿ ਠੰਢੀ ਠੰਢੀ ਰੁਮਕਦੀ ਸ਼ੀਤਲ ਪੌਣ 'ਚ ਹਰ ਕਿਸੇ ਦਾ ਦਿਲ ਸ਼ਾਂਤ ਰਹਿੰਦਾ । ਨਿੰਮ ਦੇ ਪੱਤਿਆਂ 'ਚੋਂ ਪਿਆਰ ਮੁਹੱਬਤ ਦੀ ਹਵਾ ਝੱਲਦੀ ।...
ਮੈਨੂੰ ਯਾਦ ਹੈ, ਸਮੇਂ ਦੇ ਥਪੇੜਿਆਂ ਨੇ ਉਸ ਨਿੰਮ ਨੂੰ ਟੁੰਡ ਮੁੰਡ ਕਰ ਦਿੱਤਾ ਸੀ । ਉਹ ਸੁੱਕਾ ਨਿੰਮ ਵਢ ਕੇ ਅਸੀਂ ਵਿਹੜੇ ਨੂੰ ਕਮਰੇ ਵਿੱਚ ਬਦਲ ਦਿੱਤਾ ਸੀ । ਪਿਆਰ ਮਹੱਬਤ ਦੇ ਗੀਤ, ਠੰਢੀ ਸ਼ੀਤਲ ਪੌਣ ਉਸ ਨਿੰਮ ਵਾਂਗ ਹੀ ਅਲੱਪ ਹੋ ਰਏ- ਜਿਵੇਂ ਨਿਮ ਇਸ ਸਭ ਕੁਝ ਨੂੰ ਸਰਾਪ ਦੇ ਗਿਆ ਹੋਵੇ ।
ਮਕਾਨ ਛੱਡਣ ਦਾ ਫੈਸਲਾ ਮੈਂ ਰਾਤ ਦੇ ਸੁਫਨੇ ਤੋਂ ਡਰ ਕੇ ਕੀਤਾ ਹੈ । ਸੁਪਨਾ ਤਾਂ ਭਾਵੇਂ ਰੋਜ਼ ਆਉਂਦਾ ਸੀ । ਪਰ ਇਸ ਵਾਰੀ ਤਾਂ ਮੈਨੂੰ ਕੰਬਾ ਹੀ ਦਿੱਤਾ ।
ਵੀਹ ਬਾਈ ਸਾਲ ਪਹਿਲੇ ਦੇ ਵਢੇ ਨਿੰਮ ਦੇ ਰੁੱਖ ਨੂੰ ਅਚਾਨਕ ਫਰਸ਼ ਤੇ ਉੱਗਿਆ ਵੇਖ ਮੈਂ ਹੈਰਾਨ ਹੋਇਆ ਵੇਖਦਾ ਰਿਹਾ । ਬਿਨ ਪੱਤਿਓ ਟੁੰਡ ਮੁੰਡ ਨਿੰਮ ਉਤੇ ਸੱਪ ਚੜ੍ਹਿਆ ਹੋਇਆ ਪੂਛਲ ਨੂੰ ਜ਼ਹਿਰ 'ਚ ਹਿਲਾ ਰਿਹਾ ਸੀ । ਉਸ ਟੁੰਡ ਮੁੰਡ ਸੁੱਕੇ ਦਰਖਤ 'ਚ ਪਤਾ ਨਹੀਂ ਕਿਧਰੋ ਚੰਦਨ ਦੀ ਮਹਿਕ ਆ ਗਈ ਸੀ ।