ਪੰਨਾ:ਉਸਦਾ ਰੱਬ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਰੁਝਿਆ ਰਹਿੰਦਾ ਹੈ ਕਿ ਕਿਹੜੇ ਸਮੇਂ ਉਹ ਮੇਰਾ ਭਾਂਡਾ ਠੀਕਰ ਚੁੱਕ ਕੇ ਸੜਕ ਤੇ ਮਰਨ ।
ਮਕਾਨ ਤਾਂ ਉਹਨਾਂ ਕੋਲ ਬੜਾ ਵੱਡਾ ਹੈ ਪਰ ਉਹ ਮੈਨੂੰ ਸਿਰ ਲੁਕਾਉਣ ਦਾ ਫਿਕਰ ਪਾ ਕੇ ਬੇਚੈਨ ਕਰਨਾ ਚਾਹੁੰਦੇ ਹਨ ਤਾਂ ਜੋ ਮੈਂ ਬੇਬੇ ਵਾਲੇ ਚਾਂਦੀ ਦੇ ਰੁਪਈਆਂ ਬਾਰੇ ਉਹਨਾਂ ਕੋਲੋਂ ਕੁਝ ਨਾ ਪੁੱਛ ਸਕਾਂ, ਹਾਲਾਂ ਕਿ ਮੇਰੇ ਦਿਮਾਗ ਵਿੱਚ ਅਜਿਹਾ ਕੋਈ ਵਿਚਾਰ ਨਹੀਂ ।
ਮੈਨੂੰ ਆਪਣੇ ਦਸਾਂ ਨਹੁੰਆਂ ਉਤੇ ਹੀ ਬੜਾ ਮਾਣ ਹੈ, ਕਿਰਤ ਦੀ ਲਗਨ ਉਤੇ ਹੀ ਮੈਂ ਸੰਤੁਸ਼ਟ ਹਾਂ । ਪਰ ਇਹਨਾਂ ਦਾ ਹਰ ਦਿਨ ਨਵੇਂ ਫੁਰਨੇ ਦੀ ਪਰਭਾਤ ਲੈ ਕੇ ਚੜ੍ਹਦਾ ਹੈ ...
ਗਵਾਂਢੀ ਚੁਪਚਾਪ ਮੇਰੇ ਹੁੰਝਾਂ ਮਾਰੀ ਜਾ ਰਿਹਾ ਸੀ । ਜੇ ਮੈਂ ਮੂੰਹ ਖੋਲ੍ਹਣ ਦੀ ਕੋਸ਼ਿਸ਼ ਕਰਦਾ ਤਾਂ ਗੰਦੀ ਤੋਂ ਗੰਦੀ ਗਾਲ੍ਹ ਕਢ ਜਿੱਥੇ ਜੀਅ ਕਰਦਾ ਹੁਝ ਮਾਰ ਦਿੰਦਾ, ਬਾਂਹ ਨੂੰ ਮਰੋੜੀ ਜਾਂਦਾ । ਡੱਕੇ ਵਾਂਗ ਬਾਂਹ ਨੂੰ ਵੀ ਤੋੜ ਕੇ ਦੋ ਹਿੱਸਿਆਂ ਵਿੱਚ ਕਰ ਦੇਣੀ ਚਾਹ ਰਿਹਾ ਸੀ ।
"ਤੂੰ ਉਹਨਾਂ ਨੂੰ ਕਹਿ ਦਈਂ...ਮੈਨੂੰ ਨਹੀਂ ਇਹ ਘਰ ਚਾਹੀਦਾ ।" ਮੈਂ ਉਸ ਨੂੰ ਬੜਾ ਹੀਣਾ ਜਿਹਾ ਹੋ ਕੇ ਕਿਹਾ ਸੀ ।
“ਮੈਂ ਦੱਸਦੈ ਤੈਨੂੰ ਘਰ ਦਾ ਪਤਾ...ਸਾਲਾ ਘਰ ਘਰ ਕਰਦੈ !" ਗਵਾਂਢੀ ਦੀਆਂ ਲਾਲ ਅੱਖਾਂ ਤੋਂ ਮੈਨੂੰ ਬਹੁਤ ਡਰ ਲੱਗਾ ।
ਪਿਛਲੇ ਦਿਨੀਂ ਇਹ ਸ਼ਰਾਬ ਪੀ ਕੇ ਮੇਰੇ ਨਾਲ ਬੇਮਤਲਬ ਹੀ ਲੜਨ ਨੂੰ ਆ ਪਏ ਸਨ, ਹੱਥੋ ਪਈ ਹੋ ਪਏ ਸਨ ! ਜੇ ਅਚਾਨਕ ਮੇਰਾ ਦੋਸਤ ਪੁਲਸ ਮੈਨ ਨਾ ਆਉਂਦਾ ਤਾਂ ਇਹਨਾਂ ਦੀ ਸ਼ਰਾਬ ਹੀ ਨਹੀਂ ਸੀ ਉਤਰਨੀ ਅਤੇ ਇਹਨਾਂ ਨੇ ਮੈਨੂੰ ਮਾਰ ਮਾਰ ਕੇ ਦੁੰਬਾ ਬਣਾ ਦੇਣਾ ਸੀ ।
ਉਸਨੇ ਮੇਰੀ ਬਾਂਹ ਨੂੰ ਐਨੀ ਜ਼ੋਰ ਨਾਲ ਮਰੋੜਿਆ ਕਿ ਚਿਕਣ ਨਾਲ ਮੇਰੀ ਨੀਂਦ ਖੁਲ੍ਹ ਗਈ ਅਤੇ ਪਤਨੀ ਘਬਰਾਈ ਖੜ੍ਹੀ ਮੈਥੋਂ ਪੁੱਛ ਰਹੀ ਸੀ "ਕੀ ਹੋਇਐ ?... ਤੁਸੀਂ ਚੀਕ ਕਿਉਂ ਮਾਰੀ ਐ ? ਤੁਸੀਂ ਡਰੀ ਕਿਉਂ ਜਾਂਦੇ ਹੋ ? ਕੀ ਘਰ ਘਰ ਕਰੀ ਜਾਂਦੇ ਹੋ ਕਦੋਂ ਦੇ ? ਮੈਂ ਤੁਹਾਨੂੰ ਕਿੰਨੀ ਦੇਰ ਤੋਂ ਮੋਢਿਆਂ ਤੋਂ ਫੜ ਕੇ ਹਲੂਣ ਰਹੀ ਆਂ !"
ਉਸਦੇ ਘਬਰਾਏ ਹੋਏ ਸਵਾਲਾਂ ਨੂੰ ਮੈਂ ਡੌਰ ਭੌਰ ਹੋਇਆ ਸੁਣਦਾ ਰਿਹਾ ਅਤੇ ਕੋਸ਼ਿਸ਼ ਕਰਨ ਤੇ ਵੀ ਹੱਸ ਨਾ ਸਕਿਆ ।
ਅੰਮ੍ਰਿਤ ਵੇਲੇ ਆਇਆ ਸੁਫਨਾ ਸੱਚ ਹੋ ਨਿਕਲਦੈ । ਇਹੋ ਵਿਚਾਰ ਕਰਕੇ ਅਸੀਂ ਘਰ ਛੱਡਣ ਦਾ ਫੈਸਲਾ ਕਰ ਲਿਆ । ਪੜੌਸੀ ਨਾਲ ਸਾਡੇ ਰਿਸ਼ਤੇਦਾਰ ਦੀ ਹੋ ਰਹੀ ਗੱਲਬਾਤ ਸੁਣਾਈ ਦਿੱਤੀ ਜਿਸ ਨੇ ਸਾਡੇ ਫੈਸਲੇ ਨੂੰ ਹੋਰ ਵੀ ਪੱਕਾ ਕਰ ਦਿੱਤਾ ।

ਉਸ ਦਾ ਰੱਬ/43