ਪੰਨਾ:ਉਸਦਾ ਰੱਬ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਉਹਨਾਂ ਦੀ ਗੱਲ ਬਾਤ ਦਾ ਵਿਸ਼ਾ ਹੋਰ ਵੀ ਹੋ ਸਕਦਾ ਸੀ । ਪਰ ਉਨ੍ਹਾਂ ਵੱਲੋਂ ਚਿਰ ਲੰਮੇਰੀ ਖਹਿਬੜਾ ਖਹਿਬੜੀ ਨੇ ਸਾਡੇ ਦਿਮਾਗਾਂ ਨੂੰ ਇਸ ਪਾਸੇ ਸੋਚਣ ਤੇ ਮਜ਼ਬੂਰ ਕੀਤਾ ਹੋਇਆ ਹੈ । ਜਦੋਂ ਸਾਡਾ ਰਿਸ਼ਤੇਦਾਰ ਸਾਡੇ ਵੱਲ ਨੂੰ ਕੌੜੀ ਕੌੜੀ ਨਜ਼ਰ ਝਾਕਦਾ ਲੰਘਿਆ ਤਾਂ ਅਸੀਂ ਸਮਾਨ ਬੰਨ੍ਹ ਰਹੇ ਸਾਂ ।
ਉਹ ਬਾਜ਼ਾਰ ਕਿਸੇ ਛੋਟੇ ਮੋਟੇ ਕੰਮ ਗਿਆ ਮੁੜ ਰਿਹਾ ਸੀ । ਸਾਮਾਨ ਬਾਹਰ ਰੱਖੀਂ ਅਸੀਂ ਖੜੇ ਟਾਂਗਾ ਉਡੀਕ ਰਹੇ ਸਾਂ । ਉਹ ਜਾਂਦਾ ਜਾਂਦਾ ਰੁਕ ਗਿਆ । ਬੱਚਿਆਂ ਨੂੰ ਪਿਆਰ ਕਰਨ ਲੱਗ ਪਿਆ | ਪੁੱਛ ਪੜਤਾਲ ਜਿਹੀ ਕਰਨ ਲੱਗ ਪਿਆ।
“ਕੀ ਬਦਲੀ ਹੋ ਗਈ ਐ ? ..." ਮੇਰਾ ਜਵਾਬ ਸੁਣਨ ਤੋਂ ਪਹਿਲਾਂ ਹੀ ਉਸਨੇ ਬੋਲਣਾ ਜਾਰੀ ਰਖਿਆ ਰਿਸ਼ਤੇਦਾਰ ਦਾ ਕੋਲ ਹੋਣਾ ... ਸੌ ਸੁੱਖ ਹੁੰਦੈ ... ਸੌ ਆਰਾਮ ਹੁੰਦੈ ... ਹੁਣ ਬਾਹਰ ਕਿਰਾਏ ਦੇ ਮਕਾਨਾਂ 'ਚ ਰੁਲਦੇ ਫਿਰੋਗੇ ।"...
ਭਾਵੇਂ ਇਹ ਹਮਦਰਦੀ ਉਪਰਲੇ ਮਨੋਂ ਹੀ ਦਿਖਾ ਰਿਹਾ ਸੀ ਪਰ ਫੇਰ ਵੀ ਮੈਂ ਉਸ ਨੂੰ 'ਬਹੁਤ ਚੰਗਾ ਆਦਮੀ' ਦਾ ਨਾਂ ਦੇਣੋ ਨਾਂ ਰਹਿ ਸਕਿਆ । ਉਸ ਨੇ ਇਤਨੀ ਹਮਦਰਦੀ ਮੇਰੇ ਨਾਲ ਪਹਿਲੀ ਵਾਰੀ ਜਤਾਈ ਸੀ ।
ਉਹ ਕਦੇ ਕਮਰੇ ਦੇ ਅੰਦਰ ਜਾਂਦਾ ਕਦੇ ਬਾਹਰ ਆਉਂਦਾ, ਬੱਚਿਆਂ ਨੂੰ ਚੁੱਕਦਾ, ਪਿਆਰ ਦਿੰਦਾ, ਖਾਲੀ ਹੋਏ ਮਕਾਨ 'ਚ ਖਾਲੀ ਖਾਲੀ ਨਜ਼ਰਾਂ ਘੁਮਾਉਂਦਾ ਦੇਖ ਰਿਹਾ ਸੀ । ਸਾਰਾ ਸਾਮਾਨ ਬੰਨ੍ਹ ਕੇ ਬਾਹਰ ਰੱਖਿਆ ਜਾ ਚੁੱਕਾ ਸੀ । ਉਹ ਅੰਦਰੋਂ ਕੋਈ ਗੱਲ ਕਢਣੀ ਚਾਹੁੰਦਾ ਸੀ ਪਰ ਗੱਲ ਦੀ ਲੜੀ ਦਾ ਸਿਰਾ ਹੀ ਨਹੀਂ ਸੀ ਲਭ ਰਿਹਾ ।
ਬਿਲਕੁਲ ਅੰਤਲੀ ਘੜੀ ਹਮਦਰਦੀ ਵਿਖਾਉਣ ਕਾਰਣ ਮੈਂ ਸ਼ਸ਼ੋਪੰਜ ਵਿੱਚ ਪਿਆ ਹੋਇਆ ਸਾਂ ਕਿ ਜੇ ਮੈਨੂੰ ਇਸ ਦੇ ਇੰਨੇ ਚੰਗੇ ਹੋਣ ਦਾ ਪਹਿਲਾਂ ਪਤਾ ਲੱਗ ਜਾਂਦਾ ਤਾਂ ਮੈਂ ਇਤਨੀ ਬੇਵਕੂਫੀ ਨਾ ਕਰਦਾ ।
ਮੈਂ ਉਸਦੇ ਗਲ ਲੱਗ ਕੇ ਇਤਨੀ ਦੇਰ ਚੁੱਪ ਸਾਧੀ ਰੱਖਣ ਤੇ ਖਿਮਾ ਮੰਗਣ ਬਾਰੇ ਸੋਚ ਰਿਹਾ ਸਾਂ ਪਰ ਮੈਨੂੰ ਸੁਝ ਹੀ ਨਹੀਂ ਸੀ ਰਿਹਾ ਕਿ ਗੱਲ ਕਿਵੇਂ ਸ਼ੁਰੂ ਕਰਾਂ ।
ਦੂਜੇ ਹੀ ਪਲ ਮੈਂ ਖੜ੍ਹਾ ਖੜ੍ਹਾ ਆਪਣੇ ਮਨ ਲਾਹਨਤਾਂ ਪਾਉਣ ਲੱਗ ਪਿਆ । ਝੂਠੀ ਹਮਦਰਦੀ ਜਤਾ ਕੇ ਕੋਈ ਦੇਵਤਾ ਨਹੀਂ ਬਣ ਸਕਦਾ । ਸ਼ੈਤਾਨ ਨੇ ਤਾਂ ਅਕਸਰ ਸ਼ੈਤਾਨ ਹੀ ਰਹਿਣਾ ਹੈ । ਮੈਂ ਫੇਰ ਆਪਣਾ ਫੈਸਲਾ ਅਟੱਲ ਸਮਝਣ ਲੱਗਾ । ਦਿਲੋਂ ਕੋਈ ਵੀ ਗੱਲ ਨਾ ਕਰਨ ਦਾ ਫੈਸਲਾ ਕੀਤਾ |
ਦੂਰੋਂ ਆਉਂਦੇ ਟਾਂਗੇ ਨੂੰ ਨੇੜੇ ਆਉਣ ਤੇ ਮੈਂ ਰੋਕਣ ਦਾ ਮਨ ਬਣਾ ਲਿਆ। ਰਿਸ਼ਤੇਦਾਰ ਨੂੰ ਅੰਦਰੇ ਅੰਦਰ ਖੁਸ਼ ਹੁੰਦੇ ਨੂੰ ਮੈਂ ਸਿਰ ਤੋਂ ਪੈਰਾਂ ਤੀਕ ਪੜ੍ਹ ਲਿਆ ਸੀ ।
ਉਸ ਲਈ ਉਥੇ ਬਹੁਤੀ ਦੇਰ ਠਹਿਰਨਾ ਦੁਭਰ ਹੋਇਆ ਪਿਆ ਸੀ । ਅੰਦਰੋ ਉਹ ਬਹੁਤ ਖੁਸ਼ ਦਿਖਾਈ ਦੇ ਰਿਹਾ ਸੀ ਪਰ ਉਹ ਮੇਰੇ ਵਿਛੋੜੇ ਦਾ ਦੁਖ ਪ੍ਰਗਟ ਕਰਨ ਲਈ ਸ਼ਬਦ ਢੂੰਡਦਾ ਢੂੰਡਦਾ ਬੁਰੀ ਤਰ੍ਹਾਂ ਉਲਝ ਗਿਆ ਸੀ ।

44/ਪੈਰਾਂ ਵਾਲਾ ਸੱਪ