ਪੰਨਾ:ਉਸਦਾ ਰੱਬ.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੋਵੇ ਤੇ ਹਵਾ ਐਨੀ ਠੰਢੀ ਹੋ ਗਈ ਕਿ ਉਨ੍ਹਾਂ ਨੂੰ ਰਜਾਈ ਦੀ ਲੋੜ ਮਹਿਸੂਸ ਹੋਣ ਲੱਗੀ । ਸ਼ਾਇਦ ਗੜ੍ਹੇ ਪੈਣ ਲੱਗੇ ਸਨ । ਜਾਂ ਕਣੀ ਹੀ ਮੋਟੀ ਹੋਵੇਗੀ ।

"ਮਿਸਤਰੀ ਕਹਾ ਤਾ ...ਅਕ ਬਈ ਢੂਲੇ ਪਰ ਕੋਈ ਘਰਾਲ ਨ੍ਹੀਂ ਪੜਨੀ ਚਾਹੀਦੀ ... ਨਹੀਂ ਤੇ ਦਬਾਰੇ ਤੇ ਮਿੱਟੀ ਪਾਣੀ ਪੜਾਗੀ ।" ਉਹ ਉਸਨੂੰ ਗਾਲ੍ਹਾਂ ਕਢਣੀਆਂ ਛੱਡ ਅਪਣੇ ਰੱਬ ਅੱਗੇ ਅਰਜੋਈਆਂ ਕਰਨ ਲਗ ਪਈ । "ਯਾ ਦਾਤਾ ਅੱਜ ਕੀ ਰਾਤ ਲਖੈ ਦੇ ... ਤੇਰੀ ਸਵਾ ਸੇਰ ਘੀ ਕੀ ਕੜਾਹੀ ਕਰੂਗੀ ।"

ਸਿਗਰੇਟ ਦਾ ਸੂਟਾ ਖਿਚਦੇ ਖਿਚਦੇ ਉਹਦੀ ਹਾਸੀ ਨਿਕਲ ਗਈ । ਊਥੂ ਆ ਗਿਆ । ਉਹ ਸੋਚ ਗਿਆ ਕਿ ਕੜਾਹੀ ਕੀ ਢੂਲੇ ਲੇ ਤੇ ਲੇਪ ਬਣ ਕੇ ਬਿਖਰ ਜਾਏਗੀ ..! ਘਰਾਲਾਂ ਪੈ ਗਈਆਂ, ਮਿੱਟੀ ਖੁਰ ਕੇ ਵਹਿ ਗਈ ਤਾਂ ਮਿੱਟੀ ਪਾਉਂਦਿਆਂ ਫੇਰ ਇੱਕ ਦਿਨ ਲਗ ਜਾਵੇਗਾ । ਲੈਂਟਰ ਫੇਰ ਇਕ ਦਿਨ ਅੱਗੇ ਪੈ ਜਾਏਗਾ । ਇਕ ਦਿਨ ਦੀ ਫਾਲਤੂ ਦਿਹਾੜੀ ਪੈ ਜਾਣ ਤੇ ਉਹ ਰੱਬ ਨੂੰ ਗਾਲ੍ਹਾਂ ਕਢਣ ਲਗ ਪਿਆ । ਕੜਾਹੀ ਦਾ ਅਚਾਨਕ ਸੁਖਿਆ ਜਾਣਾ ਉਸ ਨੂੰ ਲੱਗਾ ਜਿਵੇਂ ਛੋਟੇ ਛੋਟੇ ਖ਼ਰਚਿਆਂ ਦਾ ਪਹਾੜ ਹੋਰ ਉੱਚਾ ਹੋ ਗਿਆ ਹੋਵੇ ।

ਉਹ ਬਾਹਰ ਜਾ ਕੇ ਆਪਣੇ ਹੋ ਰਹੇ ਨੁਕਸਾਨ ਦਾ ਜਾਇਜ਼ਾ ਲੈਣਾ ਚਾਹੁੰਦਾ ਸੀ । ਪਰ ਯਖ਼ ਠੰਢੀ ਹਵਾ ਉਹਦੇ ਥੱਕੇ ਟੁੱਟੇ ਸ਼ਰੀਰ ਨੂੰ ਕੋਈ ਸਹਾਰਾ ਨਹੀਂ ਸੀ ਦੇ ਰਹੀ । ਕੋਠੇ ਚੜ੍ਹ ਕੇ ਦੇਖ ਆਉਣ ਦੀ ਸਲਾਹ ਕਦੇ ਬਣ ਜਾਂਦੀ, ਕਦੇ ਢਹਿ ਜਾਂਦੀ ।

"ਲੈ ਮੈਂ ਦੇਖੂ ਤੇਰਾ ਰੱਬ ਕੌਣ ਸਾ ਹੱਥ ਦੇਕਾ ਬਚਾਵਾ ਫੂਲੇ ਨੂੰ ..ਮੰਨੂੰ ਤੇ ਜੇ ਕਹੀਂ ਸੀ ਤੇਰਾ ਯੋਹ ਰੱਬ ਮਿਲ ਬੀ ਜਹਾ ਨਾ...ਬਸ ਦੇਖਲੇ ਬੀ... ਛੋਕਰੀ ਹੋ.. ਕੇ ਨੂੰ ਮਾਰੂ ਥੋੜ੍ਹਾ... ਘੜੀਸੇ ਜਾਦਾ ।" ਉਹਨੇ ਪਤਨੀ ਨੂੰ ਟਾਂਚ ਕੀਤੀ |

ਪਰ ਉਹਦੇ ਅੰਦਰ ਕਿਸੇ ਖੂੰਜੇ ਡਰ ਵੀ ਬੈਠਿਆ ਹੋਇਆ ਸੀ । ਇਸੇ ਲਈ ਉਹ ਅੰਦਰੋਂ ਰੱਬ ਵਿੱਚ ਵਿਸ਼ਵਾਸ਼ ਕਰਦਾ ਤੇ ਉਪਰੋ ਪਤਨੀ ਨੂੰ ਚਿੜ੍ਹਾਉਣ ਲਈ ਗਾਹਲਾਂ ਕਢਦਾ ।

ਉਹਦੀ ਪਤਨੀ ਨੇ ਫੇਰ ਗਹਿਣਿਆਂ ਨਾਲ ਗੱਲ ਜੋੜ ਕੇ ਕਿਹਾ ਕਿ ਹੁਣ ਤਾਂ ਉਸ ਕੋਲ ਰੱਬ ਤੋਂ ਬਿਨਾਂ ਕੁਝ ਵੀ ਨ੍ਹੀਂ ਬਚਿਆ । ਉਹ ਉਸਨੂੰ ਵਰ੍ਹਦੇ ਗੜ੍ਹਿਆ 'ਚ ਬਾਹਰ ਨਿਕਲ ਕੇ ਕੋਠੇ ਚੜ੍ਹ ਕੇ ਦੇਖ ਆਉਣ ਨੂੰ ਕਹਿ ਰਹੀ ਸੀ । ਪਰ ਉਹਦੇ ਦਿਮਾਗ 'ਚ ਕਿਸੇ ਬਿਮਾਰੀ ਦੇ ਵਰ੍ਹ ਪੈਣ ਦਾ ਡਰ ਸੀ ।

ਉਹ ਉਠ ਕੇ ਦਹਿਲੀਜ਼ ਤੇ ਖੜ੍ਹਾ ਹੋਇਆ । ਠੰਡੀਆਂ ਬੂੰਦਾਂ ਦੀ ਵਾਛੜ ਜਿਵੇਂ ਉਸਦੇ ਪੈਰੀ ਕਿੱਲ ਠੋਕ ਰਹੀ ਸੀ ।

ਉਹ ਸੋਚਦਾ ਰਿਹਾ ਕਿ ਡਾਕਟਰ ਹੋਇਆ, ਵਕੀਲ ਹੋਇਆ, ਮਿਸਤਰੀ ਹੋਇਆ. ਇਹਨਾਂ ਦੇ ਵੱਸ ਪਏ ਤਾਂ ਬਸ ਕਿਸਮਤ ਵਾਲਾ ਈ ਸੁੱਕਾ ਨਿਕਲਦੈ | ਠੂਠਾ ਫੜਾ ਦਿੰਦੇ ਨੇ ਹੱਥ 'ਚ ਕੇਰਾਂ ਤਾਂ |

ਉਹਨੇ ਬੋਰੀ ਦੀ ਝੂਬੀ ਸਿਰ ਤੇ ਲੈ ਕੇ ਕੋਠੇ ਚੜ੍ਹ ਕੇ ਦੇਖ ਆਉਣ ਦਾ ਮਨ ਬਣਾ

ਉਸ ਦਾ ਰੱਬ/47