ਪੰਨਾ:ਉਸਦਾ ਰੱਬ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਵੇਖ, ਸੁਤ ਅਨੀਂਦੀ ਪਈ ਪਤਨੀ ਵੀ ਹੱਸ ਪਈ ।
ਉਹ ਸ਼ਾਇਦ ਸੋਚਦੀ ਸੀ ਕਿ ਪਹਿਲਾਂ ਤਾਂ ਇਕ ਕੜਾਹੀ ਤੇ ਇਉਂ ਲੋਹਾ ਲਾਖਾ ਹੋ ਪਿਆ ਸੀ ਤੇ ਕਿਥੇ ਸਾਰੇ ਦੇਵਤਿਆਂ ਨੂੰ ਨਿਉਂਦਾ ਦੇ ਕੇ ਬਜਟ ਵਧਾਈਂ ਜਾ ਰਿਹਾ ਸੀ । ਉਸਨੇ ਸੁਤ ਉਨੀਂਦਰੇ 'ਚ ਹਸਦੀ ਪਤਨੀ ਦੇ ਮੂੰਹ ਤੇ ਹੱਥ ਫੇਰਿਆ ।
"ਸੋ ਜਾ ਜੀ... ਤੜਕੇ ਤੇ ਉਠਣਾ ਬੀ ਐ...ਇੱਕ ਯੋਹ ਉਪਰ ਆਲਾ...ਖਬਨੀ ਕਿਆ ਇਸ ਨੂੰ ਰੱਬ ਲੇਣ ਆਇਆ ਸਾ ?" ਇਕ ਹਉਕਾ ਖਿੱਚ ਕੇ ਉਹ ਸੌਣ ਦੀ ਕੋਸ਼ਿਸ਼ ਕਰਨ ਲੱਗੀ ।
ਉਹ ਸੋਚਣ ਲੱਗਾ ਕਿ ਵਧਦੀ ਮਹਿੰਗਾਈ ਦੇ ਹੁੰਦੇ ਨਾਂ ਉਹ ਮਕਾਨ ਪੂਰਾ ਹੋਣਾ ਹੈ, ਨਾ ਵਿਕ ਗਏ ਗਹਿਣਿਆਂ ਨੂੰ ਦੁਬਾਰਾ ਬਣਾਉਣ ਦਾ ਸੁਫਨਾ ਪੂਰਾ ਹੋਣੈ ਤੇ ਨਾ ਕੋਈ ਉਹ ਮੰਗਾਂ ਪੂਰੀਆਂ ਹੋਣੀਆਂ ਨੇ ਜਿਹੜੀਆਂ ਲੋਕਾਂ ਦੀਆਂ ਸਲਾਹਾਂ ਸੁਣ ਸੁਣ ਕੇ ਸਿਰ ਚੁੱਕੀਂ ਖੜ੍ਹੀਆਂ ਨੇ ।
ਉਸਨੂੰ ਅੱਗ ਮੂਹਰੇ ਬਹਿ ਕੇ ਖਾਧੀ ਉਹ ਸਹੁੰ ਝੂਠੀ ਪੈ ਗਈ ਲੱਗੀ ਕਿ ਉਹ ਪਤਨੀ ਦੇ ਕਦਮਾਂ 'ਚ ਹਰ ਖੁਸ਼ੀ ਬਿਖੇਰ ਦਏਗਾ ।
ਮੀਂਹ ਹਲਕਾ ਹਲਕਾ ਪਈਂ ਜਾਂਦਾ ਸੀ । ਸੋਚਾਂ ਸੋਚਦੇ, ਪਾਸੇ ਬਦਲਦੇ ਉਸ ਨੇ ਦਿਨ ਚੜ੍ਹਾ ਲਿਆ ਸੀ ।
ਚਾਨਣ ਚੁਫੇਰੇ ਪਸਰ ਜਾਣ ਤੇ ਉਹ ਇਕ ਦਮ ਖੜ੍ਹਾ ਹੋ ਗਿਆ । ਉਸਦਾ ਦਿਲ ਕੀਤਾ ਕਿ ਟੋਕਰੀ ਚੁੱਕ ਕੇ ਮਜ਼ਦੂਰਾਂ ਦੇ ਆਉਣ ਤੋਂ ਵੀ ਪਹਿਲਾਂ ਹੀ ਪਾਣੀ ਦੀਆ ਪਈਆਂ ਲੀਕਾਂ ਭਰ ਦੇਵੇ । ਸਾਰੀ ਰਾਤ ਉਹ ਡਰਦਾ ਰਿਹਾ । ਕਿਣਮਿਣਕਾਣੀ ਵਿੱਚ ਹੀ ਉਹ ਬਾਹਰ ਆ ਗਿਆ ।
"ਬੋਰੀ ਤੋਂ ਲੇ ਲੈਦਾ ਸਿਰ ਪਰ... ਰੱਬ ਨਾ ਕਰੇ ਜੇ ਤੌਹੀਂ ਮੂੰਹ ਟੱਡਕੈ ਪੜਜਾ... ਕੌਣ ਤੋਂ ਤੈਨੂੰ ਸਾਂਭੈਗਾ... ਹਰ ਕੌਣ ਕੰਮ ਕੰਨੀ ਦੇਖੇਗਾ ।" ਉਹਨੇ ਪਤਨੀ ਦੀ ਚਿਤਾਵਨੀ ਵੀ ਨਹੀਂ ਸੁਣੀ ।
ਤਦੇ ਪਤਨੀ ਵੀ ਸਿਰ ਤੇ ਬੋਰੀ ਰੱਖੀ ਉਹਦੇ ਪਿਛੇ ਪਿਛੇ ਹੋ ਲਈ । ਮੀਂਹ ਕਦੋਂ ਦਾ ਬੰਦ ਹੋ ਚੁੱਕਾ ਸੀ । ਉਸਨੂੰ ਲੱਗਾ ਜਿਵੇਂ ਮੀਂਹ ਪਿਆ ਹੀ ਨਾ ਹੋਵੇ ।
ਉਹ ਜਦੋਂ ਚੂਲੇ ਤੇ ਚੜ੍ਹਿਆ, ਹੈਰਾਨ ਹੀ ਰਹਿ ਗਿਆ। ਮਿੱਟੀ ਉਪਰ ਤਰਪਾਲ ਦਈ ਹੋਈ ਸੀ । ਤੇਜ਼ ਹਵਾ ਦੇ ਬੁੱਲਿਆਂ ਨਾਲ ਕੋਈ ਇੱਟ ਹਿੱਲ ਗਈ ਸੀ ਅਤੇ ਹਵਾ ਤਰਪਾਲ ਹੇਠਾਂ ਜਾ ਵੜੀ ਸੀ ਪਰ ਪਾਣੀ ਬਿਲਕੁਲ ਨਹੀਂ ਸੀ ਵੜਿਆ । ਸ਼ਾਇਦ ਮੀਂਹ ਐਨਾ ਤੇਜ਼ ਨਹੀਂ ਸੀ ਵਰ੍ਹਿਆ ।
ਕਿੱਤਰਾਂ ਡੌਰ ਭੌਰ ਸਾ ਹੋਇਆ ਖੜ੍ਹਿਆ... ਜਦ ਤੌਹ ਗਿਆ ਤਾ ਸਲਮਿੰਟ ਕਾ ਪਤਾ ਕਰਨ...ਮਾਨ੍ਹਾਂ ਫੂਟ ਸਪਲਾਈ ਆਲਿਆਂ ਤੇ ਮੰਗ ਕਾ ਯੋਹ ਤਰਪਾਲ ਪਾਇਦੀ... ਮੈਂ ਤੇ ਰਾਤ ਨਿਉਂ ਡਰ ਤੀ ਬਈ ਕਹੀਂ ਸੀ ਝਾਂਜੇ ਕੀ ਗੇਲੇ ਯੋਹ ਤਰਪਾਲ ਨਾ ਉੜ ਜਾ ... ਹੋਰ ਭਰਨੀਓ ਪੜਚਾ ਬਗਾਨੀ ਚੀਜ਼ ।

ਉਸ ਦਾ ਰੱਬ/52