ਪੰਨਾ:ਉਸਦਾ ਰੱਬ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਕਹੀਂ ਅਉਰ ਬੀ ਜਾ ਸਕੈ " ਵਰਗੀ ਬੁੜਬੁੜ ਕਰਦੀ ਨੇ ਧੋਬੀ ਨਾਲ ਕੋਈ ਪੰਗਾ ਲੈਣ ਬਾਰੇ ਸੋਚਿਆ। ਉਹ ਇਕਦਮ ਬੈਠ ਗਈ। ਸ਼ਾਇਦ ਉਸਨੂੰ ਧੋਬੀ ਵੱਲ ਵੇਖਦੀ ਵੇਖਦੀ ਨੂੰ ਘੁਮੇਰਨੀ ਆ ਗਈ। ਫੇਰ ਉਸ ਅੰਦਰ ਜਿਵੇਂ ਕੋਈ ਉਬਾਲ ਉਠਿਆ ਹੋਵੇ। ਪਰੈਸ ਕੋਲ ਪਹੁੰਚੀ। ਪਰੈਸ ਹੇਠਾਂ ਰੱਖ ਕੇ ਇੱਟ ਚੁੱਕ ਕੇ ਧੋਬੀ ਵੱਲ ਹੋਈ "ਚਲੀਆਂ ਜਾ ਹੀਆਂ ਸੇ ਨਈਂ ਤੋਂ ਸਿਰ ਫੋੜ ਕੇ ਰਖਦੰਗੀ।"ਪਰ ਉਹ ਧੋਬੀ ਦੇ ਇਟ ਮਾਰਨ ਦੀ ਥਾਵੇਂ ਉਹਦੇ ਪੈਰੀਂ ਹੀ ਜਾ ਡਿੱਗੀ। ਉਸਨੇ ਗਰਮ ਗਰਮ ਇੱਟ ਹੀ ਚੁੱਕ ਲਈ ਸੀ | ਧੋਬੀ ਤੱਕ ਅਪੜਦਿਆਂ ਉਸ ਤੋਂ ਇੱਟ ਦੀ ਗਰਮੀ ਸਹੀ ਨਾ ਗਈ। ਡਿੱਗਣ ਨਾਲ ਇੱਟ ਦੇ ਦੋ ਟੋਟੇ ਹੋ ਗਏ। ਬੁੜ੍ਹੀ ਦੇ ਹੱਥ ਤੇ ਇੱਕ ਛਾਲਾ ਉਭਰ ਆਇਆ | ਕਾਫੀ ਲੋਕ ਇਕੱਠੇ ਹੋ ਗਏ। ਇਕੱਠੇ ਹੋਏ ਲੋਕਾਂ ਨੂੰ ਛਾਲਾ ਦਿਖਾਉਂਦੀ ਉਹ ਇੱਟ ਦੇ ਟੋਟਿਆਂ ਨੂੰ ਪੈਰ ਦੇ ਠੰਡ ਨਾਲ ਪਰਾਂ ਕਰਦੀ ਫੇਰ ਆਪਣੇ ਮੇਜ਼ ਕੋਲ ਆ ਕੇ ਬੋਲਣ ਲੱਗ ਪਈ "ਦੇਖ ਤੂ ਚਲੀਆਂ ਜਾ ਹੀਆਂ ਸੇ ... ਦੂਸਰੇ ਕੇ ਅੱਡੇ ਪੈ ਠਹਿਰਨੇ ਕਾ ਤੇਰਾ ਕਿਆ ਮਤਬਲ।" ਉਸ ਵੱਲ ਬਿਟਰ ਬਿਟਰ ਵੇਖਣ ਲੱਗੀ। ਬੈਠ ਗਈ। ਖੜ੍ਹੀ ਹੋਕੇ ਕਪੜੇ ਗਿਣੇ। ਪਰ ਉਹ ਪ੍ਰੈਸ ਕਰਦਾ ਰਿਹਾ।
ਬੁੜ੍ਹੀ ਹੱਥ ਉਤਲੇ ਛਾਲੇ ਨੂੰ ਪਲੋਸਦੀ ਰਹੀ। ਕਦੇ ਕਦੇ ਬੁੜਬੁੜ ਕਰਨ ਲਗਦੀ। ਛਾਲੇ ਵਾਲੇ ਹੱਥ ਨੂੰ ਦੂਜੇ ਹੱਥ ’ਚ ਘੱਟ ਕੇ ਧੋਬੀ ਵੱਲ ਕੌੜੀ ਕੌੜੀ ਝਾਕਦੀ। ਗਾਹਕ ਕੱਛ 'ਚ ਕਪੜੇ ਚੱਕੀ ਆਉਂਦਾ ਦਿਸਿਆ। ਉਸਨੇ ਦੌੜ ਕੇ ਕਪੜੇ ਖੋਹ ਲਏ। ਇਕੱਠੀਆਂ ਹੋਈਆਂ ਤੀਵੀਆਂ ਹਿੜ ਹਿੜ ਕਰਕੇ ਹੱਸੀਆਂ | ਖੋਹੇ ਹੋਏ ਕਪੜੇ ਆਪਣੇ ਮੇਜ਼ ਤੇ ਰੱਖੇ। ਇਕੱਲਾ ਇਕੱਲਾ ਕਰਕੇ ਦੇਖਿਆ, ਕਿਧਰੇ ਕੋਈ ਫਟਿਆ ਜਲਿਆ ਨਾ ਹੋਵੇ। ਪਾਣੀ ਛਿੜਕਣ ਲੱਗੀ ਛਾਲੇ ਵਾਲੇ ਹੱਥ ਤੇ ਪਾਣੀ ਲਗ ਗਿਆ। ਟਸ ਟਸ ਜਿਹੀ ਵਧ ਗਈ। ਉਹ ਕਦੇ ਮੇਜ਼ ਤੇ ਪਏ ਕਪੜਿਆਂ ਨੂੰ ਦੇਖਦੀ ਕਦੇ ਛਾਲੇ ਨੂੰ। ਪੈਂਟ ਖਿਲਾਰ ਕੇ ਛਾਲੇ ਵਾਲੇ ਹੱਥ ਨਾਲ ਹੀ ਉਸਨੇ ਪ੍ਰੈਸ ਚੁੱਕ ਲਈ। ਗੁੱਸੇ ਕਾਰਨ ਸ਼ਾਇਦ ਉਸਨੂੰ ਪਤਾ ਹੀ ਨਾ ਲਗ ਸਕਿਆ। ਛਾਲਾ ਫਿਸ ਕੇ ਪਾਣੀ ਹੱਥ ਵਿਚਲੀਆਂ ਲੀਕਾ ਵਿੱਚ ਹੀ ਫੈਲ ਗਿਆ। ਦਰਦ ਨਾਲ, ਜਾਂ ਸ਼ਾਇਦ ਗੁੱਸੇ ਕਰਕੇ, ਉਸਤੋਂ ਬੋਲਿਆ ਨਹੀਂ ਸੀ ਜਾ ਰਿਹਾ। ਬੁੜਬੁੜ ਕਰਦੀ ਕਦੇ ਧੋਬੀ ਨੂੰ ਗਾਹਲਾਂ ਕਢੀ ਜਾ ਰਹੀ ਸੀ ਕਦੇ ਸ਼ਰਨ ਸਿੰਘ ਨੂੰ।
ਜਿਹੜਾ ਬੰਦਾ ਕਪੜੇ ਦੇ ਕੇ ਗਿਆ ਸੀ, ਲੈਣ ਆ ਗਿਆ। ਪਰ ਅਜੇ ਪ੍ਰੈਸ ਨਹੀਂ ਸਨ ਹੋਏ। "ਸਵੇਰੇ ਲਈ ਜੀਉ ਬਾਊ ਜੀ |" ਉਸਨੂੰ ਦੇਖਣ ਸਾਰ ਹੀ ਬੁੜ੍ਹੀ ਨੇ ਕਿਹਾ | ਉਹ ਮਜ਼ਬੂਰ ਜਿਆ ਹੋਕੇ ਕਪੜੇ ਚੁੱਕ ਕੇ ਧੋਬੀ ਕੋਲ ਚਲਾ ਗਿਆ। ਉਹ ਉਸਨੂੰ ਕਹਿਣ ਲੱਗੀ "ਅਬ ਦੇਖੋ ... ਦੋ ਸਾਲ ਸੇ ਮੈਂ ਆਪਕੇ ਕਪੜੇ ਪ੍ਰੈਸ ਕਰੂ ... ਅਉਰ ਆਜ ਵਹਾਂ ਦੁਸਮਨ ਕੇ ਪਾਸ ਜਾਵੇਂ?? ਉਹ ਫੇਰ ਧੋਬੀ ਨੂੰ ਗਾਲਾਂ ਕਢਣ ਲੱਗ ਪਈ। ਜਿਉਂ ਜਿਉਂ ਗਾਲ੍ਹਾਂ ਕਢਦੀ ਉਹਦੇ ਹੱਥ ਦੀਆਂ ਚੀਜਾਂ ਵਧਦੀਆਂ ਜਾਂਦੀਆਂ।


ਕਦੇ ਬੁੜ੍ਹੀ ਸੋਚਦੀ "ਈਂਟ ਮਾਰ ਕੇ ਸਿਰਦਾਰ ਕਾ ਸਕੂਟੇਰ ਫੋੜ ਦੇ...ਅਬ ਦੇਖ ਲੀਉ ... ਪਹਿਲੇ ਤੋਂ ਮੁਝੇ ਹੀਆਂ ਪੇ ਲਾਏ ... ਅਬ ਸਾਮਨੇ ਦੁਸ਼ਮਨ ਖੜ੍ਹਾ ਕਰ ਦੀਆ!" ਸ਼ਰਨ ਸਿੰਘ ਕਈ ਵਾਰੀ ਸੋਣ ਵੀ ਲੈਂਦਾ ਪਰ ਉਹ ਬੁੜ੍ਹੀ ਨੂੰ ਕਹਿੰਦਾ ਕੁਝ ਨਾ।

ਉਸ ਦਾ ਰੱਬ/59