ਪੰਨਾ:ਉਸਦਾ ਰੱਬ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਫਤਰ ਵਿੱਚ ਹੋਰ ਮਿੱਤਰਾਂ ਨੂੰ ਮਿਲਣ ਲਈ ਆਖ ਰਣਪ੍ਰੀਤ ਭਗਵਾਨ ਕੋਲੋਂ ਉੱਠ ਆਇਆ ਸੀ। ਸਾਰੇ ਦਫ਼ਤਰ ਨੂੰ ਉਸਨੇ ਸ਼ਹਿਰ ਵਿਚਲੀ ਗੜਬੜ ਤੋਂ ਜਾਣੂੰ ਕਰਾ ਦਿੱਤਾ ਸੀ। ਲੋਕ ਕੁਰਸੀਆਂ ਵਿੱਚ ਬੈਠੇ ਬੈਠੇ ਹੀ ਬੁੱਤ ਬਣ ਕੇ ਰਹਿ ਗਏ।
ਭਾਂਡਿਆਂ ਵਾਲਾ ਸੋਮ ਪ੍ਰਕਾਸ਼ ਸੁਣ ਕੇ ਠਠੰਬਰ ਗਿਆ ਸੀ। ਉਸਨੇ ਆਪਣੀ ਦੁਕਾਨ ਤੇ ਟੈਲੀਫੂਨ ਕਰਕੇ ਦੇਖਿਆ। ਸਾਰੇ ਬਾਜ਼ਾਰ ਦਾ ਸ਼ਟਰਡਾਊਨ ਹੋ ਚੁੱਕਿਆ ਸੀ। ਸ਼ਿਵ ਪ੍ਰਸ਼ਾਦਿ ਨੇ ਲਾਊਡ ਸਪੀਕਰ ਬੰਦ ਕਰੌਣ ਦੇ ਹੁਕਮ ਲੈ ਲਏ ਸਨ। ਇਸੇ ਗੁੱਸੇ ਚ ਉਹਦਾ ਸਾੜ੍ਹੀ ਭੰਡਾਰ ਫੂਕ ਕੇ ਸਵਾਹ ਕਰ ਦਿੱਤਾ ਗਿਆ ਸੀ।
ਸ਼ਿਵ ਪ੍ਰਸ਼ਾਦਿ ਨੇ ਅੰਮ੍ਰਿਤ ਸਿੰਘ ਦੀ ਦੁਕਾਨ ਫੂਕ ਦਿੱਤੀ, ਅੰਮ੍ਰਿਤ ਸਿੰਘ ਨੇ ਅਗਾਂਹ ਸਾਸ਼ਤਰੀ ਦੀ ਦੁਕਾਨ ਨੂੰ ਰਾਖ ਬਣਾ ਦਿੱਤਾ। ਫੇਰ ਸਾਸ਼ਤਰੀ ਨੇ ਸਰਦਾਰੇ ਦੇ ਟਰੱਕ ਦੀ ਪਟਰੌਲ ਦੀ ਟੈਂਕੀ 'ਚ ਤੀਲੀ ਬਾਲ ਕੇ ਸੁੱਟ ਦਿੱਤੀ।
ਸਰਦਾਰੇ ਨੇ ਆਪਣੀ ਲਗੌੜ ਇਕੱਠੀ ਕਰ ਲਈ। ਸ਼ਿਵ ਪ੍ਰਸ਼ਾਦਿ ਤੇ ਸ਼ਾਸਤਰੀ ਨੇ ਆਪਣੇ ਤਰਸੂਲੀਏ ਬੁਲਾ ਲਏ। ਸੜਕਾਂ ਰੋੜਿਆਂ ਤੇ ਟੁੱਟੀਆਂ ਬੋਤਲਾਂ ਨਾਲ ਭਰ ਗਈਆਂ! ਖੂਨ ਹੀ ਖੂਨ, ਜ਼ਖ਼ਮੀ, ਮੁਰਦੇ, ਲਾਸ਼ਾਂ, ਡਾਗਾਂ ... ਚੀਕਾਂ ... ਕਾਂਕਾਂ ... ਹਾਹਾਕਾਰ!...
ਪੁਲਿਸ ਨੇ ਗੋਲੀ ਖੋਹਲ ਦਿੱਤੀ। ਕਈ ਦੁਕਾਨਾਂ ਬੰਦ ਕਰਕੇ ਮੂਹਰੇ ਬੈਠੇ ਜਾਣ ਬਾਰੇ ਸੋਚ ਰਹੇ ਸਨ ਅਤੇ ਕਈ ਦੁਕਾਨਾਂ ਛੱਡ ਕੇ ਦੌੜ ਗਏ ਸਨ।
ਉਦੋਂ ਘਬਰਾਹਟ ਨਾਲ ਕਿਸੇ ਤੋਂ ਵੀ ਬੋਲਿਆ ਨਹੀਂ ਸੀ ਜਾ ਰਿਹਾ | ਦਫਤਰ ਬੈਠਿਆਂ ਸਭ ਨੂੰ ਇਹੋ ਫਿਕਰ ਪੈ ਗਿਆ ਕਿ ਉਹ ਘਰ ਵਾਪਸ ਕਿਵੇਂ ਪਹੁੰਚਣਗੇ। ਕੋਈ ਛੁੱਟੀ ਲੈ ਕੇ ਘਰ ਚਲੇ ਜਾਣ ਦੀ ਸੋਚ ਰਿਹਾ ਸੀ। ਤੇ ਕਈ ਬਿਨਾਂ ਪੁੱਛੇ ਦੱਸੇ ਹੀ ਖਿਸਕਣ ਦੀ ਤਿਆਰੀ ਕਰ ਰਿਹਾ ਸੀ। ਕਈ ਕਮਜ਼ੋਰ ਦਿਲ ਵ ਲੇ ਤਾਂ ਸਾਈਕਲ ਚੁੱਕ ਕੇ ਜਾ ਵੀ ਚੁੱਕੇ ਸਨ।...
ਰਣਪ੍ਰੀਤ ਨੂੰ ਆਸ ਜਿਹੀ ਸੀ ਕਿ ਪਿਛਲੀ ਫੇਰੀ ਤੇ ਖਰਚੇ ਪੈਸਿਆਂ ਦਾ ਕੁਝ ਤਾਂ ਅਸਰ ਹੋਇਆ ਹੋਏਗਾ।
ਉਦੋਂ ਭਗਵਾਨ ਨੇ ਉਸਦੇ ਕੰਮ ਬਾਰੇ ਦੱਸਣ ਲਈ ਬਿਠਾਈਂ ਰੱਖਿਆ ਸੀ। ਜਦੋਂ ਦਫਤਰ ਨੂੰ ਛੁੱਟੀ ਹੋ ਗਈ ਸੀ, ਉਸਨੇ ਦੱਸਿਆ ਸੀ ਕਿ ਰਣਪ੍ਰੀਤ ਦਾ ਬਿਲ ਖਜ਼ਾਨੇ ਪਾਸ ਹੋਣ ਲਈ ਭੇਜਿਆ ਹੋਇਆ ਹੈ। ਖਜ਼ਾਨਿਓਂ ਪਾਸ ਹੋ ਕੇ ਆ ਜਾਵੇ ਤਾਂ 'ਪੈਸੇ ਆਪ ਲੈਕੇ ਬਹੁੜਨ ਦਾ ਲਾਰਾ ਉਹਨੇ ਲਾਇਆ ਸੀ।...


ਰਣਪ੍ਰੀਤ ਪਿਛਲੇ ਕਿੰਨੇ ਸਮੇਂ ਤੋਂ ਬੱਚਿਆਂ ਦੇ ਕੱਪੜੇ ਲੈਣ ਦਾ ਖਿਆਲ ਛੱਡਦਾ ਆ ਰਿਹਾ ਸੀ। ਪਤਨੀ ਫਟਿਆ ਸੂਟ ਪਾਈ ਫਿਰਦੀ ਨੂੰ ਦੇਖ ਕੇ ਉਹ ਸ਼ਰਮ ਨਾਲ ਚੁੱਪ ਹੀ ਹੋ ਜਾਂਦਾ ਹੈ। ਉਸਦੇ ਆਪਣੇ ਬੂਟਾਂ ਦੀ ਮੋਰੀ ਦਿਨੋ ਦਿਨ ਐਨੀ ਵੱਡੀ ਹੁੰਦੀ ਜਾ ਰਹੀ ਹੈ ਕਿ ਚਲਦੇ ਚਲਦੇ ਮਿੱਟੀ ਵੀ ਅੰਦਰ ਚਲੀ ਜਾਂਦੀ ਹੈ। ਕਈ ਵਾਰੀ ਤਾਂ ਸੜਕ ਤੇ ਚਲਦਿਆਂ ਕੋਈ ਬਰੀਕ ਜਿਹੀ ਰੋੜੀ ਅੰਦਰ ਜਾ ਕੇ ਚੁਭਣ ਲੱਗ ਪੈਂਦੀ।

ਉਸ ਦਾ ਰੱਬ/75