ਪੰਨਾ:ਉਸਦਾ ਰੱਬ.pdf/79

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦਫਤਰ ਵਿੱਚ ਹੋਰ ਮਿੱਤਰਾਂ ਨੂੰ ਮਿਲਣ ਲਈ ਆਖ ਰਣਪ੍ਰੀਤ ਭਗਵਾਨ ਕੋਲੋਂ ਉੱਠ ਆਇਆ ਸੀ । ਸਾਰੇ ਦਫ਼ਤਰ ਨੂੰ ਉਸਨੇ ਸ਼ਹਿਰ ਵਿਚਲੀ ਗੜਬੜ ਤੋਂ ਜਾਣੂੰ ਕਰਾ ਦਿੱਤਾ ਸੀ । ਲੋਕ ਕੁਰਸੀਆਂ ਵਿੱਚ ਬੈਠੇ ਬੈਠੇ ਹੀ ਬੁੱਤ ਬਣ ਕੇ ਰਹਿ ਗਏ ।
ਭਾਂਡਿਆਂ ਵਾਲਾ ਸੋਮ ਪ੍ਰਕਾਸ਼ ਸੁਣ ਕੇ ਠਠੰਬਰ ਗਿਆ ਸੀ । ਉਸਨੇ ਆਪਣੀ ਦੁਕਾਨ ਤੇ ਟੈਲੀਫੂਨ ਕਰਕੇ ਦੇਖਿਆ । ਸਾਰੇ ਬਾਜ਼ਾਰ ਦਾ ਸ਼ਟਰਡਾਊਨ ਹੋ ਚੁੱਕਿਆ ਸੀ । ਸ਼ਿਵ ਪ੍ਰਸ਼ਾਦਿ ਨੇ ਲਾਊਡ ਸਪੀਕਰ ਬੰਦ ਕਰੌਣ ਦੇ ਹੁਕਮ ਲੈ ਲਏ ਸਨ । ਇਸੇ ਗੁੱਸੇ ਚ ਉਹਦਾ ਸਾੜ੍ਹੀ ਭੰਡਾਰ ਫੂਕ ਕੇ ਸਵਾਹ ਕਰ ਦਿੱਤਾ ਗਿਆ ਸੀ ।
ਸ਼ਿਵ ਪ੍ਰਸ਼ਾਦਿ ਨੇ ਅੰਮ੍ਰਿਤ ਸਿੰਘ ਦੀ ਦੁਕਾਨ ਫੂਕ ਦਿੱਤੀ, ਅੰਮ੍ਰਿਤ ਸਿੰਘ ਨੇ ਅਗਾਂਹ ਸਾਸ਼ਤਰੀ ਦੀ ਦੁਕਾਨ ਨੂੰ ਰਾਖ ਬਣਾ ਦਿੱਤਾ । ਫੇਰ ਸਾਸ਼ਤਰੀ ਨੇ ਸਰਦਾਰੇ ਦੇ ਟਰੱਕ ਦੀ ਪਟਰੌਲ ਦੀ ਟੈਂਕੀ 'ਚ ਤੀਲੀ ਬਾਲ ਕੇ ਸੁੱਟ ਦਿੱਤੀ ।
ਸਰਦਾਰੇ ਨੇ ਆਪਣੀ ਲਗੌੜ ਇਕੱਠੀ ਕਰ ਲਈ । ਸ਼ਿਵ ਪ੍ਰਸ਼ਾਦਿ ਤੇ ਸ਼ਾਸਤਰੀ ਨੇ ਆਪਣੇ ਤਰਸੂਲੀਏ ਬੁਲਾ ਲਏ । ਸੜਕਾਂ ਰੋੜਿਆਂ ਤੇ ਟੁੱਟੀਆਂ ਬੋਤਲਾਂ ਨਾਲ ਭਰ ਗਈਆਂ ! ਖੂਨ ਹੀ ਖੂਨ, ਜ਼ਖ਼ਮੀ, ਮੁਰਦੇ, ਲਾਸ਼ਾਂ, ਡਾਗਾਂ ... ਚੀਕਾਂ ... ਕਾਂਕਾਂ ... ਹਾਹਾਕਾਰ !...
ਪੁਲਿਸ ਨੇ ਗੋਲੀ ਖੋਹਲ ਦਿੱਤੀ । ਕਈ ਦੁਕਾਨਾਂ ਬੰਦ ਕਰਕੇ ਮੂਹਰੇ ਬੈਠੇ ਜਾਣ ਬਾਰੇ ਸੋਚ ਰਹੇ ਸਨ ਅਤੇ ਕਈ ਦੁਕਾਨਾਂ ਛੱਡ ਕੇ ਦੌੜ ਗਏ ਸਨ ।
ਉਦੋਂ ਘਬਰਾਹਟ ਨਾਲ ਕਿਸੇ ਤੋਂ ਵੀ ਬੋਲਿਆ ਨਹੀਂ ਸੀ ਜਾ ਰਿਹਾ | ਦਫਤਰ ਬੈਠਿਆਂ ਸਭ ਨੂੰ ਇਹੋ ਫਿਕਰ ਪੈ ਗਿਆ ਕਿ ਉਹ ਘਰ ਵਾਪਸ ਕਿਵੇਂ ਪਹੁੰਚਣਗੇ । ਕੋਈ ਛੁੱਟੀ ਲੈ ਕੇ ਘਰ ਚਲੇ ਜਾਣ ਦੀ ਸੋਚ ਰਿਹਾ ਸੀ । ਤੇ ਕਈ ਬਿਨਾਂ ਪੁੱਛੇ ਦੱਸੇ ਹੀ ਖਿਸਕਣ ਦੀ ਤਿਆਰੀ ਕਰ ਰਿਹਾ ਸੀ । ਕਈ ਕਮਜ਼ੋਰ ਦਿਲ ਵ ਲੇ ਤਾਂ ਸਾਈਕਲ ਚੁੱਕ ਕੇ ਜਾ ਵੀ ਚੁੱਕੇ ਸਨ ।...
ਰਣਪ੍ਰੀਤ ਨੂੰ ਆਸ ਜਿਹੀ ਸੀ ਕਿ ਪਿਛਲੀ ਫੇਰੀ ਤੇ ਖਰਚੇ ਪੈਸਿਆਂ ਦਾ ਕੁਝ ਤਾਂ ਅਸਰ ਹੋਇਆ ਹੋਏਗਾ ।
ਉਦੋਂ ਭਗਵਾਨ ਨੇ ਉਸਦੇ ਕੰਮ ਬਾਰੇ ਦੱਸਣ ਲਈ ਬਿਠਾਈਂ ਰੱਖਿਆ ਸੀ । ਜਦੋਂ ਦਫਤਰ ਨੂੰ ਛੁੱਟੀ ਹੋ ਗਈ ਸੀ, ਉਸਨੇ ਦੱਸਿਆ ਸੀ ਕਿ ਰਣਪ੍ਰੀਤ ਦਾ ਬਿਲ ਖਜ਼ਾਨੇ ਪਾਸ ਹੋਣ ਲਈ ਭੇਜਿਆ ਹੋਇਆ ਹੈ । ਖਜ਼ਾਨਿਓਂ ਪਾਸ ਹੋ ਕੇ ਆ ਜਾਵੇ ਤਾਂ 'ਪੈਸੇ ਆਪ ਲੈਕੇ ਬਹੁੜਨ ਦਾ ਲਾਰਾ ਉਹਨੇ ਲਾਇਆ ਸੀ ।...
ਰਣਪ੍ਰੀਤ ਪਿਛਲੇ ਕਿੰਨੇ ਸਮੇਂ ਤੋਂ ਬੱਚਿਆਂ ਦੇ ਕੱਪੜੇ ਲੈਣ ਦਾ ਖਿਆਲ ਛੱਡਦਾ ਆ ਰਿਹਾ ਸੀ । ਪਤਨੀ ਫਟਿਆ ਸੂਟ ਪਾਈ ਫਿਰਦੀ ਨੂੰ ਦੇਖ ਕੇ ਉਹ ਸ਼ਰਮ ਨਾਲ ਚੁੱਪ ਹੀ ਹੋ ਜਾਂਦਾ ਹੈ । ਉਸਦੇ ਆਪਣੇ ਬੂਟਾਂ ਦੀ ਮੋਰੀ ਦਿਨੋ ਦਿਨ ਐਨੀ ਵੱਡੀ ਹੁੰਦੀ ਜਾ ਰਹੀ ਹੈ ਕਿ ਚਲਦੇ ਚਲਦੇ ਮਿੱਟੀ ਵੀ ਅੰਦਰ ਚਲੀ ਜਾਂਦੀ ਹੈ । ਕਈ ਵਾਰੀ ਤਾਂ ਸੜਕ ਤੇ ਚਲਦਿਆਂ ਕੋਈ ਬਰੀਕ ਜਿਹੀ ਰੋੜੀ ਅੰਦਰ ਜਾ ਕੇ ਚੁਭਣ ਲੱਗ ਪੈਂਦੀ ।

ਉਸ ਦਾ ਰੱਬ/75