ਪੰਨਾ:ਉਸਦਾ ਰੱਬ.pdf/84

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਰਿਹਾ ਸੀ ।
ਰਣਪ੍ਰੀਤ ਸੁਪਰਡੰਟ ਕੋਲ ਪਹੁੰਚਿਆ ਤਾਂ ਉਸਨੇ ਫਾਈਲ 'ਤੇ ਹੀ ਨਜ਼ਰ ਗੱਡੀਂ ਪੁਛਿਆ" ਮਿਲ ਗਿਆ ਹੋਊ ਹਜ਼ਾਰ ਰੁਪਿਆ ?" ਰਣਪ੍ਰੀਤ ਦੇ ਸ਼ਰੀਰ 'ਚ ਝਰਨਾਟ ਜਿਹੀ ਫਿਰ ਗਈ ।
“ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ?" ਸੁੰਨ ਹੋਏ ਖੜੇ ਰਣਪ੍ਰੀਤ ਨੇ ਪੁੱਛਿਆ । ਸੁਪਰਡੰਟ ਕੁਝ ਔਖਾ ਹੋ ਗਿਆ "ਹੋਰ ਮੈਂ ਕੰਧ ਨਾਲ ਗੱਲ ਕਰਨੀ ਐ ?" ਉਸਨੇ ਦੱਸਿਆ ਕਿ ਭਗਵਾਨ ਸਿੰਘ ਇੱਕ ਦਿਨ ਦੀ ਛੁੱਟੀ ਲੈ ਕੇ ਆਪ ਪੈਸੇ ਲੈ ਕੇ ਗਿਆ ਸੀ ।
ਕਲਰਕ ਕੋਲੋਂ ਉਸਨੇ ਫਾਈਲ ਮੰਗਵਾ ਕੇ ਦੇਖਿਆ । ਫਾਈਲ ਦੇਖਦਿਆਂ ਹੀ ਸੁਪਰਡੰਟ ਫੇਰ ਲੋਹਾ ਲਾਖਾ ਹੋ ਬੈਠਾ “ਤੂੰ ਆਪ ਤਾਂ ਲੈ ਕੇ ਗਿਐਂ ... ਤੇ ਫੇਰ ਵੀ ਹਾਲੇ ਚੱਕਰ ਮਾਰਦਾ ਫਿਰਦੈ ?" ਭਗਵਾਨ ਸਿੰਘ ਨੇ ਪਹਿਲੀ ਫੇਰੀ ਤੋਂ ਹੀ ਉਸਦੇ ਹੱਥ ਕਟਵਾ ਦਿੱਤੇ ਸਨ । ਰਣਪ੍ਰੀਤ ਨੂੰ ਲੱਗਾ ਜਿਵੇਂ ਕਿਸੇ ਨੇ ਮੁੱਢੇ ਤੋਂ ਉਹਦੀ ਬਾਂਹ ਵੱਢ ਦਿੱਤੀ ਹੋਵੇ । ਉਹੀਓ ਮੋਢਾ ਜਿਸ ਨਾਲ ਉਹ ਆਪਣਾ ਮੋਢਾ ਜੋੜਨ ਦੀ ਗੱਲ ਕਰਦਾ ਰਿਹਾ ਸੀ ।....
ਭਗਵਾਨ ਦੀ ਚਿੱਠੀ ਕਢ ਕੇ ਰਣਪ੍ਰੀਤ ਫ਼ੇਰ ਪੜ੍ਹਨ ਲੱਗਾ । ਉਹ ਹੈਰਾਨ ਹੋਈਂ ਜਾ ਰਿਹਾ ਸੀ, ਅਜਿਹੀ ਹਮਦਰਦੀ ਦੀ ਚਿੱਠੀ ਸਰਕਾਰੀ ਟਿਕਟਾਂ ਨਾਲ ਰਜਿਸਟਰਡ ਕਵਰ 'ਚ ਭੇਜਣ ਦਾ ਕੀ ਮਤਲਬ ਸੀ ।
ਸੁਪਰਡੰਟ ਉਠ ਕੇ ਪਿਸ਼ਾਬ ਕਰਨ ਚਲਾ ਗਿਆ ਸੀ । ਰਣਪ੍ਰੀਤ ਨੂੰ ਜਿਵੇਂ ਤ੍ਰੇਲੀ ਆ ਗਈ ਹੋਵੇ । ਉਹ ਕੁਰਸੀ ਤੇ ਬੈਠ ਗਿਆ । ਚਪੜਾਸੀ ਤੋਂ ਇਕ ਗਲਾਸ ਪਾਣੀ ਦਾ ਮੰਗਾ ਕੇ ਪੀਤਾ । ਬੈਠਾ ਬੈਠਾ ਭਗਵਾਨ ਤੇ ਗੁੱਸੇ ਹੁੰਦਾ ਅੰਦਰੇ ਅੰਦਰ ਕਚੀਚੀਆਂ ਵੱਟੀਂ ਜਾ ਰਿਹਾ ਸੀ ।
ਭਗਵਾਨ ਦੋ ਮਹੀਨੇ ਦੀ ਛੁੱਟੀ ਤੇ ਕਿਤੇ ਬਾਹਰ ਗਿਆ ਹੋਇਆ ਸੀ । ਰਣਪ੍ਰੀਤ ਨੇ ਉਹਨੂੰ ਪੁੱਛਣਾ ਸੀ ਕਿ ਉਹ ਇਉ ਝੂਠ ਬੋਲ ਕੇ ਇਨਸਾਨੀਅਤ ਦੇ ਨਾਂ ਤੇ ਕਾਲਖ ਕਿਉਂ ਲਿੱਪੀਂ ਜਾ ਰਿਹਾ ਹੈ ।...
ਰਣਪ੍ਰੀਤ ਖੜ੍ਹਾ ਹੋਇਆ ਪਰ ਸੁਪਰਡੰਟ ਦੇ ਨਾ ਆਉਣ ਕਰਕੇ ਫੇਰ ਬੈਠ ਗਿਆ । ਉਹ ਉਸਦੇ ਆਇਆਂ ਤੋਂ ਹੀ ਜਾਣਾ ਚਾਹੁੰਦਾ ਸੀ ।
ਸੁਪਰਡੰਟ ਆ ਗਿਆ । ਪਰ ਉਹ ਫੇਰ ਕਾਗਜ਼ਾਂ ਵਿੱਚ ਉਲਝ ਗਿਆ । ਉਹ ਉਹ ਰਣਪ੍ਰੀਤ ਨਾਲ ਬੋਲ ਨਹੀਂ ਸੀ ਰਿਹਾ । ਬਿਨਾਂ ਕੁਝ ਬੋਲਿਆਂ ਉਹ ਵਰ੍ਹਾਡੇ'ਚ ਆ ਖੜ੍ਹਿਆ| ਚਪੜਾਸੀ ਰਣਪ੍ਰੀਤ ਨਾਲ ਕੋਈ ਗੱਲ ਕਰਨੀ ਚਾਹੁੰਦਾ ਸੀ ਪਰ ਰਣਪ੍ਰੀਤ ਉਹਦੇ ਨਾਲ ਅੱਖ ਨਹੀਂ ਸੀ ਮੇਲ ਰਿਹਾ ।
ਭਗਵਾਨ ਦੀ ਚਿੱਠੀ ਫਾੜ ਕੇ ਸੁੱਟ ਰਣਪ੍ਰੀਤ ਦਫਤਰੋਂ ਬਾਹਰ ਨਿਕਲ ਆਇਆ । ਸੁਨ ਜਿਹਾ ਹੋਇਆ, ਮਰੀਅਲ ਜਿਹੀ ਤੋਰੇ ਤੁਰਦਾ, ਉਹ ਬਸ ਸਟੈਂਡ ਵੱਲ ਨੂੰ ਵਧ ਰਿਹਾ ਸੀ, ਪੈਸੇ ਦੀ ਮਾਰ ਅਤੇ ਵਿਸਾਹਘਾਤ ਦੇ ਦੋ ਜ਼ਖ਼ਮਾਂ ਦਾ ਦਰਦ ਲਈਂ ।...

80/ਜਖ਼ਮ