ਪੰਨਾ:ਏਸ਼ੀਆ ਦਾ ਚਾਨਣ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਵਰ ਦੀਆਂ ਸਖੀਆਂ ਦਾ ਮੋਹਣਾ ਬਾਗ਼ ਸੁੱਤਾ ਸੀ;
ਸਾਂਬਰ ਪੱਤੀਆਂ ਵਾਲੀਆਂ ਦੋ ਕੰਵਲ - ਕਲੀਆਂ-
ਗੰਗਾ ਤੇ ਗੋਤਮੀ - ਦੋਹੀਂ ਪਾਸੀਂ ਲੇਟੀਆਂ ਸਨ,
ਤੇ ਪਰੇਰੇ ਉਹਨਾਂ ਦੀਆਂ ਹੋਰ ਰੇਸ਼ਮ - ਅੰਗੀਆਂ ਸਾਥਣਾਂ।
"ਤੁਸੀ ਮੈਨੂੰ ਪਿਆਰੀਆਂ ਹੋ, ਮਧੁਰ ਸਖੀਓ।" ਉਸ ਆਖਿਆ,
"ਤੁਹਾਥੋਂ ਵਿਛੜਨਾ ਕਠਿਨ ਹੈ; ਪਰ ਜੇ ਨਾ ਵਿਛੜਾਂ,
ਤਾਂ ਛੁਟ ਬੇ ਸਹਾਰਾ ਬੁਢਾਪੇ ਤੇ ਲਾ-ਇਲਾਜ ਮੌਤ ਦੇ,
ਸਾਡੇ ਸਭ ਦੇ ਹਥੀਂ ਹੋਰ ਕੀ ਆਵੇਗਾ?
ਵੇਖੋ! ਜਿਵੇਂ ਸੁੱਤੀਆਂ ਪਈਆਂ ਹੋ ਤਿਵੇਂ ਮੋਈਆਂ ਪਵੋਗੀਆਂ,
ਤੇ ਜਦੋਂ ਗੁਲਾਬ ਮਰ ਜਾਂਦਾ ਹੈ, ਉਹਦੀ ਸ਼ਾਨ ਤੇ ਗੰਧ
ਕਿੱਥੇ ਚਲੇ ਜਾਂਦੇ ਹਨ?
ਜਦੋਂ ਦੀਵੇ ਦਾ ਤੇਲ ਮੁੱਕ ਜਾਂਦਾ ਹੈ।
ਉਹਦੀ ਲਾਟ ਕਿੱਥੇ ਨਠ ਜਾਂਦੀ ਹੈ?
"ਓ ਰਾਤ, ਇਹਨਾਂ ਦੀਆਂ ਮੀਟੀਆਂ ਪਲਕਾਂ ਹੋਰ ਘੁਟ ਦੇ,
ਤੇ ਬੁਲ੍ਹ ਜੋੜ ਦੇ, ਮਤੇ ਕੋਈ ਹੰਝੂ, ਕੋਈ ਹਿਤੂ ਬੋਲ ਮੈਨੂੰ ਰੋਕੇ,
ਜਿੰਨਾਂ ਰੌਸ਼ਨ ਇਹਨਾਂ ਨੇ ਮੇਰਾ ਜੀਵਨ ਬਣਾਇਆ ਹੈ,
ਓਨਾਂ ਹੀ ਕੌੜਾ ਜਾਪਦਾ ਹੈ ਕਿ ਇਹ ਤੇ ਮੈਂ
ਤੇ ਸਾਰੇ ਜੀਵੀਏ ਜਿਉਂ ਬਿ੍ਛ ਜਿਉਂਦੇ ਹਨ - ਏਨੀ ਬਹਾਰ,
ਏਨੇ ਮੀਂਹ ਤੇ ਕੱਕਰ, ਤੇ ਏਨੇ ਸਿਆਲੇ,
ਤੇ ਫੇਰ ਸੁਕੇ ਪੱਤਰ, ਸ਼ਾਇਦ ਇਕ ਹੋਰ ਬਹਾਰ ਮੁੜੇ,
ਜਾਂ ਕੁਹਾੜੀ ਜੜਾਂ ਵਿਚ। ਇਹ ਮੈਨੂੰ ਪ੍ਰਵਾਨ ਨਹੀਂ,
ਭਾਵੇਂ ਮੇਰਾ ਸਾਰਾ ਜੀਵਨ ਸ੍ਵਰਗ ਹੋਵੇ, ਜਦ ਲੋਕੀ-
ਹਨੇਰੇ ਵਿਚ ਡੁਸਕਦੇ ਹਨ। ਏਸ ਲਈ ਸੁਖੀ ਵਸੋ, ਸਖੀਓ!
ਹੁਣ ਜਦੋਂ ਜੀਵਨ ਦੇਣ ਦੇ ਯੋਗ, ਮੈਂ ਦੇਂਦਾ ਤੇ ਜਾਂਦਾ ਹਾਂ
ਰਿਹਾਈ ਢੂੰਡਣ ਲਈ ਤੇ ਅਣਡਿਠਾ ਚਾਨਣ ਲੱਭਣ ਲਈ!"

੮੪