ਪੰਨਾ:ਏਸ਼ੀਆ ਦਾ ਚਾਨਣ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਦ, ਸੁਤੀਆਂ ਕੋਲੋਂ ਮਲਕੜੇ ਪੈਰ ਧਰ ਕੇ
ਸਿਧਾਰਥ ਰਾਤ ਦੇ ਅੰਦਰ ਦਾਖ਼ਲ ਹੋ ਗਿਆ, ਜਿਦੀਆਂ ਅੱਖਾਂ,
ਉਹ ਜਾਗਦੇ ਤਾਰੇ, ਪ੍ਰੀਤ ਨਾਲ ਉਹਨੂੰ ਵੇਖਦੀਆਂ ਸਨ, ਤੇ ਜਿਦ੍ਹਾ
ਸ੍ਵਾਸ,
ਉਹ ਫਿਰੰਤੂ ਪੌਣ, ਉਸਦੇ ਚੋਗੇ ਦੀ ਉਡਦੀ ਝਾਲਰ ਨੂੰ ਚੁੰਮਦਾ ਸੀ;
ਬਾਗ਼ ਦੇ ਸੁੱਤੇ ਪਏ ਗ਼ੁੰਚਿਆਂ ਨੇ
ਆਪਣੇ ਮਖ਼ਮਲੀ ਹਿਰਦੇ ਖੋਹਲੇ,
ਤੇ ਗੁਲਾਬੀ ਅਰਗ਼ਵਾਨੀ ਅਤਰ-ਕਟੋਰਿਆਂ ਚੋਂ
ਕੰਵਰ ਵਲ ਸੁਗੰਧੀ ਦੇ ਰੁਮਕੇ ਘੱਲੇ;
ਹਿਮਾਲੀਆ ਤੋਂ ਹਿੰਦ ਸਾਗਰ ਤਕ ਸਾਰੀ ਧਰਤੀ ਕੰਬੀ,
ਜਿਵੇਂ ਹੋਠੋਂ ਧਰਤੀ ਦੀ ਆਤਮਾ ਕਿਸੇ ਅਨਜਾਣੀ ਆਸ ਨਾਲ ਹਿੱਲੀ;
ਤੇ ਪੂਜਯ ਗ੍ਰੰਥ, ਜਿਹੜੇ ਭਗਵਾਨ ਦੀ ਕਥਾ ਦਸਦੇ ਹਨ, ਕਹਿੰਦੇ ਹਨ,
ਕਿ ਕਿਸੇ ਰੱਬੀ ਤਰਾਨੇ ਨਾਲ ਪੌਣ ਲਰਜ਼ੀ।
ਬੇ-ਸ਼ੁਮਾਰ ਦੇਵਤੇ ਗਾਂਦੇ ਸਨ ਤੇ ਪੂਰਬ ਪੱਛਮ,
ਸਾਰੀ ਰਾਤ ਨੂੰ ਉਜਲਾ ਕਰ ਰਹੇ ਸਨ –
ਉੱਤਰ ਦਖਣ ਚੁਤਰਫ਼ੀ ਖੇੜਾ ਸੀ।
ਉਹ ਚਾਰ ਧਰਤੀ ਦੇ ਜੱਬੇ ਵਾਲੇ ਸਰਪ੍ਰਸਤ
ਜੋਟੀਆਂ ਵਿਚ ਦਰ ਉਤੇ ਉਤਰੇ,
ਨਾਲ ਉਹਨਾਂ ਦੇ ਅਦਿਖ ਚਿੱਟੇ ਲਸ਼ਕਰ ਸਨ,
ਜਿਨ੍ਹਾਂ ਦੇ ਸ਼ਸਤਰ ਚਾਂਦੀ ਸੋਨੇ, ਹੀਰੇ ਤੇ ਮੋਤੀਆਂ ਦੇ ਸਨ –
ਤੇ ਉਹ ਹਬ ਜੋੜੀ ਕੰਵਰ ਨੂੰ ਵੇਖ ਰਹੇ ਸਨ,
ਕੰਵਰ ਅੱਬਰੂ-ਭਿਜੀਆਂ ਅਖਾਂ ਤਾਰਿਆਂ ਵਲ ਚੁੱਕੀ,
ਤੇ ਬੁਲ੍ਹ ਕਿਸੇ ਮਹਾਨ ਪ੍ਰੇਮ ਮਨੋਰਥ ਵਿਚ ਜੋੜੀ, ਖੜੋਤਾ ਸੀ।

ਫੇਰ ਉਹ ਹੋਰ ਅਗ੍ਹਾਂ ਹਨੇਰੇ ਵਿਚ ਵਧਿਆ ਤੇ ਬੋਲਿਆ:

੮੫