ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋਤ ਮੁੜਾ ਸੱਕੇ; ਸੱਪ ਦੇ ਚੁੰਮਣ-ਦਾਗ਼ ਬੜੇ ਬੇ-ਮਲੂਮੇ ਨੇ, ਉਹ ਮੇਰੇ ਪੁੱਤਰ ਨੂੰ ਘਿਰਣਾ ਨਹੀਂ ਕਰਦਾ ਹੋਣਾ, ਨਾ ਖੇਡ ਵਿਚ ਡੰਗ ਮਾਰਨਾ ਚਾਹੁੰਦਾ ਹੋਵੇਗਾ। ਤੇ ਕਿਸੇ ਆਖਿਆ, "ਪਹਾੜੀ ਉਤੇ ਇਕ ਮਹਾਤਮਾ ਰਹਿੰਦਾ ਹੈ - ਔਹ ਵੇਖ, ਭਗਵੇ ਵਸਤਰਾਂ ਵਿਚ ਜਾਂਦਾ ਹੈ - ਉਸ ਰਿਸ਼ੀ ਨੂੰ ਪੁੱਛ ਤੇਰੇ ਪੁੱਤਰ ਦੇ ਰੋਗ ਦਾ ਕੋਈ ਦਾਰੂ ਹੋਵੇ।" ਇਸ ਲਈ ਡਿਗਦੀ ਢਹਿੰਦੀ ਤੁਹਾਡੇ ਕੋਲ ਆਈ ਸਾਂ, ਜਿਨ੍ਹਾਂ ਦਾ ਮਸਤਕ ਰੱਬ ਵਾਂਗ ਲਿਸ਼ਕਦਾ ਹੈ, ਤੇ ਰੋਂਦੀ ਨੇ ਬੱਚੇ ਦਾ ਮੂੰਹ ਨੰਗਾ ਕੀਤਾ ਸੀ, ਤੇ ਚੰਗੀ ਕਿਸੇ ਬੂਟੀ ਦਾ ਪਤਾ ਪੁਛਿਆ ਸੀ। ਤੇ ਤੁਸਾਂ, ਮਹਾਤਮਾ ਜੀ, ਮੈਨੂੰ ਦੁਰਕਾਰਿਆ ਨਹੀਂ ਸੀ, ਸਗੋਂ ਮਿੱਠੇ ਨੈਣਾਂ ਨਾਲ ਤੱਕਿਆ ਤੇ ਕੋਮਲ ਹਥਾਂ ਨਾਲ

ਛੁਹਿਆ ਸੀ; ਤੇ ਫੇਰ ਕਪੜਾ ਉਹਦੇ ਮੂੰਹ ਉਤੇ ਪਾ ਕੇ ਮੈਨੂੰ ਆਖਿਆ ਸੀ: 'ਹਾਂ, ਛੋਟੀ ਭੈਣ, ਇਕ ਦਾਰੂ ਹੈ, ਜਿਹੜਾ ਪਹਿਲੋਂ ਤੈਨੂੰ ਤੇ ਪਿਛੋਂ ਏਸ ਨੂੰ ਰਾਜ਼ੀ ਕਰ ਸਕਦਾ ਹੈ, ਪਰ ਜੇ ਉਹ ਤੂੰ ਕਿਤੋਂ ਲੱਭ ਲਿਆਵੇਂ; ਕਿਉਂਕਿ ਜਿਹੜੇ ਵੈਦਾਂ ਨੂੰ ਢੂੰਡਦੇ ਹਨ ਉਹ ਜੋ ਵੈਦ ਆਖੇ ਢੂੰਡ ਕੇ ਲਿਆਉਂਦੇ ਹਨ। ਏਸ ਲਈ, ਮੈਂ ਤੈਨੂੰ ਆਖਦਾ ਹਾਂ, ਕਿ ਇਕ ਤੋਲਾ ਕਾਲੀ ਰਾਈ ਦੇ ਦਾਣੇ ਲਿਆ; ਪਰ ਵੇਖੀ ਕਿਸੇ ਐਸੇ ਹਥੋਂ ਜਾਂ ਘਰੋਂ ਨਾ ਲਈਂ ਜਿੱਥੇ ਪਿਉ, ਮਾਂ, ਪੁੱਤਰ ਜਾਂ ਨੌਕਰ ਕੋਈ ਮੋਇਆ ਹੋਵੇ; ਜੇ ਇਹੋ ਜਿਹੇ ਦਾਣੇ ਕਿਤੋਂ ਲੱਭ ਪਏ ਤਾਂ ਕਾਰਜ ਠੀਕ ਹੋ ਜਾਇਗਾ!ਤੁਸਾਂ, ਮੇਰੇ ਭਗਵਾਨ, ਏਸ ਤਰ੍ਹਾਂ ਬਚਨ ਕੀਤਾ ਸੀ।"

੧੦੫