ਪੰਨਾ:ਏਸ਼ੀਆ ਦਾ ਚਾਨਣ.pdf/149

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਨੇ ਦੇ ਕਟੋਰੇ ਵਿਚ, ਏਡਾ ਸ੍ਵਛ
ਕਿ ਦੇਵਤਿਆਂ ਦੀ ਰਸਨਾ ਲਾਇਕ ਹੋਵੇ।
ਤੇ ਬੱਚਾ ਹੋ ਗਿਆ ਅਜ ਤਿੰਨ ਮਹੀਨਿਆਂ ਦਾ,
ਹਿੱਕ ਨਾਲ ਲਾ ਕੇ,ਉਹ ਸ਼ਕਰ ਭਰੇ ਕਦਮਾਂ ਨਾਲ
ਜੰਗਲ-ਦੇਵ ਦੇ ਮੰਦਰ ਵਲ ਜਾ ਰਹੀ ਸੀ,
ਇਕ ਬਾਂਹ ਨਾਲ ਆਪਣੀ ਕ੍ਰਿਮਚੀ ਸਾੜ੍ਹੀ
ਆਪਣੇ ਹਰਖਾਂ ਦੇ ਹੀਰੇ ਦੁਆਲੇ ਵਲ੍ਹੇਟਦੀ
ਤੇ ਦੂਜੀ ਨੂੰ ਸੁਹਣੀ ਕਮਾਨ ਵਾਂਗ ਚੁਕ ਕੇ
ਸਿਰ ਉਤਲੇ ਥਾਲੀ ਕਟੋਰੇ ਨੂੰ ਹਥ ਰਖਦੀ ਸੀ,
ਜਿਦ੍ਹੇ ਵਿਚ ਦੇਵਤੇ ਲਈ ਮਨੋਹਰ ਭੋਜਨ ਸੀ।
          
ਪਰ ਰਾਧਾ, ਜਿਹੜੀ ਪਹਿਲੋਂ ਥਾਂ ਹੂੰਝਣ
ਤੇ ਬ੍ਰਿਛ ਦੁਆਲੇ ਲਾਲ ਧਾਗਾ ਬੰਨ੍ਹਣ ਗਈ ਸੀ,
ਕਾਹਲੀ ਕਾਹਲੀ ਮੁੜ ਆਈ, ਤੇ ਆਖਿਆ ਸੂ:
"ਵੇਖ ਮੇਰੀ ਪ੍ਰਿਯ ਸੁਆਣੀ, ਜੰਗਲ-ਦੇਵ ਅਜ ਆਪ ਆ ਬਿਰਾਜੇ ਹਨ,
ਪ੍ਰਤੱਖ, ਚੌਕੜੀ ਮਾਰੀ ਤੇ ਹਥ ਗੋਡਿਆਂ ਉਤੇ।
ਵੇਖ, ਮਸਤਕ ਕਿਹੋ ਜਿਹਾ ਲਿਸ਼ਕਦਾ ਏ!
ਕੇਡਾ ਕੋਮਲ ਤੇ ਮਹਾਨ ਦਿਸਦਾ ਏ, ਕਿਹੀਆਂ ਦੈਵੀ ਅੱਖਾਂ!
ਕੇਡੀ ਕਿਸਮਤ, ਸਾਨੂੰ ਅਜ ਏਸ ਤਰ੍ਹਾਂ ਦਰਸ਼ਨ ਹੋਏ ਨੇ!"

ਉਹਨੂੰ ਦੇਵਤਾ ਸਮਝ ਕੇ, ਸੁਜਾਤਾ
ਕੰਬਦੀ ਨੇੜੇ ਗਈ, ਤੇ ਧਰਤ ਚੁੰਮ ਕੇ,
ਮਧੁਰ ਮੁਖ ਨੀਵਾਂ ਕਰ ਕੇ ਆਖਣ ਲਗੀ:

੧੨੩