ਪੰਨਾ:ਏਸ਼ੀਆ ਦਾ ਚਾਨਣ.pdf/157

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੋਧੀ ਬ੍ਰਿਛ ਦੀ ਘਣੀ ਛਾਂ, ਪਲਮੀਆਂ ਦਾਹੜੀਆਂ ਥੰਮ੍ਹਾਂ ਵਾਂਗ ਗੱਡੀਆਂ, ਤੇ ਲਹਿ ਲਹਿ ਕਰਦੀ ਹਰਿਆਵਲ ਦਾ ਛਤਰ ਤਣਿਆ ਸੀ। ਭਗਵਾਨ ਤੁਰਦੇ ਸਨ ਤੇ ਮਾਨੋਂ ਚੇਤੰਨ ਧਰਤੀ. ਝੂੰਮਦੇ ਘਾਹ ਤੇ ਖਿੜਦੇ ਫੁਲਾਂ ਨਾਲ ਉਹਨਾਂ ਦੇ ਚਰਨਾਂ ਦੀ ਪੂਜਾ ਕਰਦੀ ਸੀ। ਜੰਗਲੀ ਟਹਿਣੀਆਂ ਛਾਂ ਕਰਨ ਲਈ ਨੀਂਵੀਆਂ ਹੋ ਗਈਆਂ, ਨਦੀ ਵਲੋਂ ਕੰਵਲ-ਗੰਧ ਨਾਲ ਲੱਦੀ ਨੰਢੀ ਪੌਣ ਆਈ। ਚੌੜੀਆਂ ਅਸਚਰਜ ਹੋਈਆਂ ਅੱਖਾਂ-ਚਿਤਰੇ: ਰਿੱਛਾਂ ਤੇ ਮ੍ਰਿਗਾਂ ਦੀਆਂ-ਸ਼ਾਂਤ, ਉਸ ਘੜੀ, ਉਹਨਾਂ ਦੇ ਹਿਤ ਮੁਖ ਵਲ ਤਕਦੀਆਂ ਸਨ। ਹਨੇਰੀ ਖੁੱਡ ਚੋਂ ਕੌਡੀਆਂ ਵਾਲੇ ਮਾਰੂ ਨਾਗ ਨੇ ਭਗਵਾਨ ਦੇ ਸੁਆਗਤ ਲਈ ਫਨ ਹਿਲਾਈ; ਚਮਕਦੀਆਂ ਤਿੱਤਰੀਆਂ ਨੇ ਉਹਨਾਂ ਨੂੰ ਪੱਖਾ ਕਰਨ ਲਈ ਅਸਮਾਨੀ, ਸਾਵੇ ਤੇ ਸੁਨਹਿਰੀ ਵੰਗ ਫੜਫੜਾਏ; ਇੱਲ ਦੇ ਪੰਜਿਉਂ ਸ਼ਿਕਾਰ ਡਿੱਗ ਪਿਆ, ਤੇ ਧਾਰੀਦਾਰ ਗਾਲ੍ਹੜੀ ਟਹਿਣੀਓਂ ਟਹਿਣੀ ਨੱਚਦੀ ਫਿਰੀ; ਤੇ ਬਿਜੜੇ ਨੇ . ਆਪਣੇ ਝੂਲਣੇ ਆਲ੍ਹਣੇ ਚੋਂ ਚਿਰ ਚਿਰ ਕੀਤਾ; ਕਿਰਲਾ ਦੌੜਿਆ, ਕੋਇਲ ਨੇ ਭਜਨ ਗਾਂਵੇ; ਘੁੱਗੀਆਂ ਨੇ ਝੁਰਮਟ ਪਾਇਆ;

ਕੀੜੇ ਮਕੌੜੇ ਸਭ ਪ੍ਰਸੰਨ ਜਾਪਦੇ ਸਨ। ਧਰਤੀ ਤੇ ਪੌਣ ਦੀਆਂ ਆਵਾਜ਼ਾਂ ਇਕ ਸੰਗੀਤ ਵਿਚ ਮਿਲ ਗਈਆਂ, ਤੇ ਸੁਣ ਸਕਣ ਵਾਲੇ ਕੰਨਾਂ ਵਿਚ ਉਹਨਾਂ ਇਹ ਆਖਿਆ: "ਸਾਮੀ ਤੇ ਮਿੱਤਰ! ਪ੍ਰੇਮੀ ਤੇ ਰਖਵਾਲੇ! ਤੁਸੀ, ਜਿਨ੍ਹਾਂ ਕ੍ਰੋਧ ਤੇ ਹੰਕਾਰ ਨੂੰ ਜਿੱਤਿਆ ਹੈ,

੧੩੧