ਪੰਨਾ:ਏਸ਼ੀਆ ਦਾ ਚਾਨਣ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਵੇਂ ਬੱਦਲਾਂ ਨੂੰ ਸੁਨਹਿਰੀ ਝਾਲਰ ਲਾ ਕੇ,ਖਜੂਰਾਂ ਦੇ ਪੱਤਿਆਂ ਤੇ ਸੋਨਾ ਚੜ੍ਹਾ ਕੇ, ਸੋਨੇ ਦੀਆਂ ਕਿਰਨਾਂ ਰਾਹਾਂ ਉਤੇ ਵਿਛਾ ਦਿੱਤੀਆਂ, ਜਾਦੂ ਛੁਹ ਨਾਲ ਨਦੀ ਨੂੰ ਲਾਲ ਕਰ ਦਿੱਤਾ, ਜੰਗਲ ਵਿਚ ਹਿਰਨ ਦੀਆਂ ਕੋਮਲ ਅੱਖਾਂ ਵਿਚ ਆਖਿਆ: "ਦਿਨ ਚੜ੍ਹ ਗਿਆ।"ਤੇ ਮਿੱਠੀ ਨੀਂਦੇ ਸੁੱਤੇ ਪਰਾਂ ਹੇਠੋਂ ਕਈ ਨਿੱਕੇ ਸਿਰਾਂ ਨੂੰ ਛੁਹ ਕੇ ਕੰਨਾਂ ਵਿਚ ਆਖਿਆ "ਬੱਚਿਓ, ਦਿਨ ਦੇ ਚਾਨਣ ਦਾ ਗੀਤ ਗਾਓ।" ਉਸੇ ਵੇਲੇ ਸਭ ਪੰਛੀਆਂ ਨੇ ਰਾਗ ਛੁਹ ਦਿੱਤੇ ਕੋਇਲ ਦੀ ਪਤਲੀ ਸੁਰ, ਬੁਲਬੁਲ ਦਾ ਮਿੱਠਾ ਭੋਜਨ,

"ਉਸ਼ਾ,ਉਸ਼ਾ"ਗਟਾਰ ਦੀ, ਸੂਰਜ-ਪੰਛੀਆਂ ਦੀ ਚੈਂ ਚੈਂ ,ਜਿਹੜੇ ਮਧ-ਮੱਖੀਆਂ ਨਾਲੋਂ ਪਹਿਲਾਂ ਸ਼ਹਿਦ ਦੀ ਢੂੰਡੇ ਚੜ੍ਹਦੇ ਹਨ, ਕਊਏ ਦੀ ਕਾਂ ਕਾਂ, ਤੋਤੇ ਦੀ ਲਟ ਪਟ, ਮੈਨਾ ਦੀ "ਮੈਂ ਮੈਂ," ਘੁੱਗੀਆਂ ਦੀ ਅਮੁੱਕ ਪ੍ਰੇਮ-ਬਾਣੀ: ਸਚ ਮੁਚ, ਏਸ ਵੱਡੀ ਪ੍ਰਭਾਤ ਦਾ ਅਸਰ ਏਡਾ ਮੁਤਬੱਰਕ ਸੀ ਕਿ ਦੂਰ ਨੇੜੇ ਘਰਾਂ ਵਿਚ ਇਕ ਅਣੋਖੀ ਸ਼ਾਂਤੀ ਦਾ ਪ੍ਰਵੇਸ਼ ਹੋ ਗਿਆ। ਕਾਤਲ ਨੇ ਆਪਣਾ ਛੁਰਾ ਲੁਕਾ ਦਿੱਤਾ, ਲੁਟੇਰੇ ਨੇ ਆਪਣੀ ਲੁੱਟ ਮੋੜ ਦਿਤੀ, ਸਾਰੇ ਮੰਦੇ ਦਿਲ ਨਰਮ ਹੋ ਗਏ ਤੇ ਚੰਗੇ ਹੋਰ ਚੰਗੇਰੇ, ਜਦੋਂ ਉਸ ਰੱਬੀ ਪ੍ਰਭਾਤ ਨੇ ਧਰਤੀ ਰੋਸ਼ਨ ਕੀਤੀ।' ਲੜਦੇ ਸ਼ਾਹਾਂ ਨੇ ਜੰਗ ਰੋਕ ਲਏ, ਬੀਮਾਰ ਦੁਖੀ ਬਿਸਤਰਿਆਂ ਤੋਂ ਹਸਦੇ ਉਠ ਬੈਠੇ,

੧੪੬