ਪੰਨਾ:ਏਸ਼ੀਆ ਦਾ ਚਾਨਣ.pdf/188

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝੰਡੇ ਫਰ ਫਰ ਕਰਦੇ ਸਨ, ਤੇ ਆਗਮਨ ਦੇ ਦਿਹਾੜੇ ਲਈ
ਹੁਕਮ ਸੁਣਾ ਦਿਤਾ ਸੀ, ਕਿ ਨਦੀ ਦੇ ਗੁਜ਼ਰ ਉਤੇ,
ਐਨੇ ਹਾਥੀ ਚਾਂਦੀ ਹੋੌਦਿਆਂ ਤੇ ਸੋਨਾ-ਚੜੵੇ ਦੰਦਾਂ ਵਾਲੇ
ਕੰਵਰ ਨੂੰ ਉਡੀਕਣ ਤੇ ਨਗਾਰੇ ਕੂਕਣ:
"ਕੰਵਰ ਆਉਂਦਾ ਹੈ।" ਤੇ ਇਹ ਵੀ ਸੁਣਾ ਦਿੱਤਾ ਸੀ,
ਕਿ ਕਿੱਥੇ ਰਾਣੇ ਰੋਸ਼ਨੀ ਕਰਨ, ਕਿੱਥੇ ਪ੍ਰਣਾਮ ਕਰਨ,
ਤੇ ਕਿੱਥੇ ਨਾਚ-ਕੁੜੀਆਂ ਫੁੱਲਾਂ ਦੀ ਬਰਖਾ ਕਰਨ,
ਤੇ ਕਿੱਥੇ ਗੌਂ ਕੇ ਨੱਚ ਕੇ "ਜੀਓ -ਜੀਓ" ਆਖਣ,
ਤੇ ਜਿਥੋਂ ਕੰਵਰ ਦਾ ਘੋੜਾ ਲੰਘੇ, ਗੋਡਿਆਂ ਤਕ
ਸੁਹਣੇ ਰਾਹ ਉਤੇ ਗੁਲਾਬ ਤੇ ਗੇਂਦੇ ਵਿਚ ਪੈਰ ਧਸਣ,
ਤੇ ਉਦੋਂ ਨਗਰ ਸਾਰਾ ਸੰਗੀਤ ਤੇ ਮੰਗਲ ਗਾਵੇ।
ਇਹ ਸਭ ਨੂੰ ਸੁਣਾ ਦਿਤਾ ਗਿਆ, ਤੇ ਰੋਜ਼ ਸਵੇਰੇ
ਲੋਕ ਕੰਨ ਚੁਕ ਚੁਕ ਨਗਾਰੇ ਦੀ ਪਹਿਲੀ ਚੋਟ ਸੁਣਨ ਨੂੰ ਤਾਂਘਦੇ,
"ਹੁਣ ਉਹ ਆਉਂਦਾ ਹੈ!"
ਪਰ ਸਭ ਤੋਂ ਪਹਿਲਾਂ ਹੋਣ ਲਈ,
ਯਸ਼ੋਧਰਾਂ ਪਾਲਕੀ 'ਚ ਚੜ੍ਹ ਕੇ ਓਦਣ ਫ਼ਸੀਲ ਕੋਲ ਚਲੀ ਗਈ,
ਜਿੱਥੇ ਉਹ ਸੁੰਦਰ ਖੈਮਾ ਤਣਿਆ ਸੀ।
ਚੁਤਰਫ਼ੀਂ ਮਨੋਹਰ ਬਾਗ - ਨਿਗਰੋਦਾ- ਮੁਸਕਰਾਂਦਾ ਸੀ,
ਬੇਲ ਦੇ ਬ੍ਰਿਛਾਂ ਉਤੇ ਹਰੀਆਂ ਖਜੂਰਾਂ ਦੀ ਛਾਂ ਸੀ,
ਨਵ-ਛਾਂਗਿਆ ਤੇ ਪ੍ਰਸੰਨ, ਫਿਰਦੇ ਰਸਤਿਆਂ ਉਤੇ ਫੁੱਲ ਤੇ ਬੂਟੇ।
ਦਖਣੀ ਸੜਕ ਇਹਦੇ ਚਮਨਾਂ ਕੋਲੋਂ ਲੰਘਦੀ ਸੀ,
ਜਿਸ ਦੇ ਸੱਜੇ ਪਾਸੇ ਇਹ ਬਾਗ਼
ਤੇ ਖੱਬੇ ਪਾਸੇ ਸ਼ੂਦਰਾਂ ਦੀਆਂ ਝੁੱਗੀਆਂ ਸਨ,
ਫਾਟਕ ਦੇ ਬਾਹਰਵਾਰ, ਉਹ ਸਾਬਰ ਤੇ ਨਿਰਧਨ ਲੋਕ ਵਸਦੇ ਸਨ,

੧੬੨