ਉਹਦੇ ਗੋਡਿਆਂ ਵਿਚ ਰਾਹੁਲ ਪਿਆ ਮੁਸਕ੍ਰਾਂਦਾ ਸੀ,
ਤੀਬਰ ਬਾਲ-ਅੱਖਾਂ ਗੰਭੀਰ ਮੁਖ ਉਤੇ ਟਿਕੀਆਂ ਸਨ,
ਤੇ ਪੈਰਾਂ ਦੇ ਕੋਲ ਮਿੱਠੀ ਯਸ਼ੋਧਰਾਂ ਬੈਠੀ ਸੀ,
ਦਿਲ ਦੀਆਂ ਪੀੜਾਂ ਸਭ ਮੁੱਕ ਚੁੱਕੀਆਂ ਸਨ,
ਉਹ ਸੁਹਣੇ ਪ੍ਰੇਮ ਦੀ ਪ੍ਰਾਪਤੀ ਹੋ ਚੁੱਕੀ ਸੀ,
ਜਿਹੜਾ ਕਾਮਨਾ ਉਤੇ ਨਹੀਂ ਪਲਦਾ,
ਉਹ ਜੀਵਨ ਉਹਦੀਆਂ ਅੱਖਾਂ ਵਿਚ ਸੀ,
ਜਿਹੜਾ ਬੁੱਢਾ ਨਹੀਂ ਹੁੰਦਾ।
ਯਸ਼ੋਧਰਾਂ ਨੇ ਆਪਣਾ ਹਥ ਉਹਨਾਂ ਦੇ ਹੱਥਾਂ ਉਤੇ ਰਖਿਆ,
ਤੇ ਚਿੱਟੇ ਭੋਸ਼ਨ ਦੁਆਲੇ ਉਹਨਾਂ ਦੇ ਭਗਵੇ ਦੀ ਕੰਨੀ ਲਪੇਟੀ।
ਮੈਂ ਉਸ ਅਦਭੁਤ ਗਿਆਨ ਦਾ ਭਾਗ ਵੀ ਕਥਨ ਨਹੀਂ ਕਰ ਸਕਦਾ
ਜਿਹੜਾ ਬੁਧ ਦੇ ਬੁਲ੍ਹਾਂ ਚੋਂ ਨਿਕਲਿਆ:
ਮੈਂ ਇਕ ਪਿਛੋਂ ਪਹੁੰਚਿਆ ਲਿਖਾਰੀ ਹਾਂ,
ਜਿਹੜਾ ਭਗਵਾਨ ਨੂੰ ਤੇ ਭਗਵਾਨ ਦੇ ਮਨੁੱਖਾਂ ਲਈ ਪ੍ਰੇਮ ਨੂੰ
ਪਿਆਰ ਕਰਦਾ ਹਾਂ,
ਜਾਣਦਾ ਹਾਂ ਉਹ ਬੜੇ ਸਿਆਣੇ ਸਨ,
ਪਰ ਮੇਰੇ ਵਿਚ ਕੋਈ ਸਿਆਣਪ ਨਹੀਂ, ਕਿ
ਕਿਤਾਬਾਂ ਵਿਚ ਲਿਖੇ ਦੇ ਛੁਟ ਕੁਝ ਹੋਰ ਦਸ ਸਕਾਂ!
ਤੇ ਸਮੇਂ ਨੇ ਪੁਰਾਣੀਆਂ ਲਿਖਤਾਂ ਮੱਧਮ ਕਰ ਦਿੱਤੀਆਂ ਹਨ
ਭਾਵ ਬਦਲਾ ਦਿਤੇ ਹਨ, ਜਿਹੜੇ ਕਦੇ ਨਵੀਨਤਾ ਦੇ ਬਲ
ਨਾਲ ਧੜਕਦੇ ਸਾਰਿਆਂ ਦੇ ਦਿਲ ਹਿਲਾਂਦੇ ਸਨ।
ਜੋ ਕੁਝ ਬੁਧ ਨੇ ਉਸ ਕੋਮਲ ਸੰਝ ਸਮੇਂ ਉਚਾਰਿਆ,
ਉਹਦਾ ਥੋੜ੍ਹਾ ਜਿਹਾ ਭਾਗ ਮੈਨੂੰ ਪਤਾ ਹੈ,
ਤੇ ਮੈਂ ਪੜ੍ਹਿਆ ਹੈ ਕਿ ਉਹਦੇ ਸ੍ਰੋਤੇ, ਉਸ ਵੇਲੇ,
ਲੱਖਾਂ ਕਰੋੜਾਂ ਅਨ-ਦਿਸਦੇ ਦੇਵੀ ਦੇਵਤੇ ਵੀ ਸਨ।
੧੭੪