ਹੋਇਆਂ ਉਸ ਨੂੰ ਦਿਲੀ ਪ੍ਰਸਤਸ਼ ਦਿੱਤੀ ਹੈ। ਹਰ ਰੋਜ਼ ਉਸ ਦੇ ਪਵਿੱਤ੍ਰ ਮੰਦਰਾਂ ਤੇ ਸਮਾਧਾਂ ਉੱਤੇ ਬਾਗਾਂ ਮੂੰਹੀ ਫੁਲ ਧਰੇ ਜਾਂਦੇ ਹਨ, ਤੇ ਅਨਗਿਣਤ ਬੁਲ੍ਹ ਰੋਜ਼ਾਨਾ ਇਹ ਮੰਤ੍ਰ ਪੜ੍ਹਦੇ ਹਨ: “ਮੈਂ ਬੁਧ ਦੀ ਓਟ ਲੈਂਦਾ ਹਾਂ।"
ਇਸ ਕਵਿਤਾ ਦਾ ਬੁਧ ਯਸੂ ਮਸੀਹ ਤੋਂ ੬੨੦ ਵਰ੍ਹੇ ਪਹਿਲਾਂ ਨੀਪਾਲ ਦੀ ਹੱਦ ਉਤੇ ਜੰਮਿਆ ਸੀ ਤੇ ਤਿੰਨ ਘਟ ਅੱਸੀ ਵਰ੍ਹੇ ਦੀ ਉਮਰ ਪਾ ਕੇ ਅਵਧ ਦੇਸ ਵਿਚ ਕੁਸਿੰਗਤ ਅਸਥਾਨ ਉਤੇ ਪੂਰਾ ਹੋਇਆ ਸੀ। ਉਮਰ ਦੇ ਲਿਹਾਜ਼ ਨਾਲ ਹੋਰ ਕਈ ਮਤ ਏਸ ਪੂਜਨੀਕ ਮਤ ਦੇ ਮੁਕਾਬਲੇ ਵਿਚ ਬੱਚੇ ਜਾਪਦੇ ਹਨ। ਪਰ ਇਸ ਵਿਚ ਸਰਬ ਵਿਆਪੀ ਆਸ ਦੀ ਸਦੀਵਤਾ ਹੈ, ਅਨੰਤ ਪ੍ਰੇਮ ਦੀ ਚਿਰੰਜੀਵਤਾ ਹੈ, ਅੰਤਮ ਭਲਾਈ ਵਿਚ ਅਤੁਟ ਭਰੋਸੇ ਦਾ ਅੰਸਰ ਹੈ, ਤੇ ਮਨੁੱਖ ਦੀ ਸੁਤੰਤ੍ਰਤਾ ਦਾ ਇਹੋ ਜਿਹਾ ਜ਼ੋਰਦਾਰ ਦਾਅਵਾ ਹੈ ਜਿਹੋ ਜਿਹਾ ਅਗੇ ਕਿਤੇ ਨਹੀਂ ਕੀਤਾ ਗਿਆ । ਜਿਹੜੇ ਨਾਕਾਰੇ ਵਿਖਾਵੇ ਤੇ ਫ਼ਜ਼ਲ ਰਸਮਾਂ ਬੁਧ ਮਤ ਦੇ ਇਤਿਹਾਸ ਤੇ ਅਭਿਆਸ ਨੂੰ ਕਲੰਕਤ ਕਰ ਰਹੇ ਹਨ, ਉਹ ਉਸ ਅਵਸ਼ ਗਿਰਾਵਟ ਦਾ ਨਤੀਜਾ ਹਨ ਜਿਦੇ ਵਿਚ ਪ੍ਰਚਾਰਕ ਤੇ ਪ੍ਰੋਹਤ ਲੋਕ ਆਪਣੇ ਹਥ ਆਏ ਵਡੇ ਮਤਾਂ ਤੇ ਖ਼ਿਆਲਾਂ ਨੂੰ ਜ਼ਰੂਰ ਹੀ ਸੁਟ ਖਾਂਦੇ ਹਨ। ਗੌਤਮ ਦੇ ਅਸਲ ਸਿਧਾਂਤਾਂ ਦੀ ਤਾਕਤ ਤੇ ਉੱਚਤਾ ਦਾ ਅਨੁਮਾਨ ਉਹਨਾਂ ਦੇ ਅਸਰ ਤੋਂ ਲਾਣਾ ਚਾਹੀਦਾ ਹੈ, ਨਾ ਕਿ ਉਹਨਾਂ ਦੇ ਅਨੁਵਾਦਿਕਾਂ ਤੋਂ, ਨਾ ਉਸ ਮਸੂਮ ਜਿਹੇ ਪਰ ਸੁਸਤ ਤੇ ਰਸਮਾਂ ਵਿਚ ਬੱਧੇ ਮਜ਼੍ਹਬ ਤੋਂ ਹੀ ਜਿਹੜਾ ਬੋਧੀ ਭਾਈਚਾਰੇ (Brotherhood) ਜਾਂ ਸੰਗ੍ਹ ਦੀਆਂ ਨੀਹਾਂ ਉਤੇ ਉੱਸਰ ਪਿਆ ਹੈ।
ਮੈਂ ਆਪਣੀ ਕਵਿਤਾ ਨੂੰ ਇਕ ਬੋਧੀ ਦੇ ਮੂੰਹੋਂ ਅਖਵਾਇਆ ਹੈ, ਕਿਉਂਕਿ ਏਸ਼ੀਆ ਦੇ ਖ਼ਿਆਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਉਹ ਪੂਰਬੀ ਨੁਕਤਾ ਨਿਗਾਹ ਤੋਂ ਹੀ ਵਿਚਾਰਿਆ ਜਾਣਾ ਚਾਹੀਦਾ ਹੈ,