ਉਸ ਚੌਂਹ ਚੋਂ ਤਿੰਨ ਮੰਜ਼ਲਾਂ ਤੈ ਕਰ ਲਈਆਂ ਹਨ:
ਪਰ ਅਜੇ ਧਰਤੀ ਉਤੇ ਜੀਵਨ ਦਾ ਮੋਹ,ਤੇ ਪ੍ਰਲੋਕ ਵਿਚ ਸ੍ਵਰਗ ਚਾਹੀ
ਸ੍ਵੈ-ਸ਼ਲਾਘਾ,ਭੁੱਲ ਤੇ ਅਭਿਮਾਨ ਬਾਕੀ ਰਹਿ ਜਾਂਦੇ ਹਨ।
ਜੀਕਰ ਉਹ ਜਿਹੜਾ ਪਰਲੀ ਬਰਫ਼-ਢੱਕੀ ਸਿਖਰ ਤੇ ਜਾ ਖਲੋਂਦਾ ਹੈ'
ਤੇ ਜਿਦ੍ਹੇ ਤੋਂ ਉਚੇਰਾ ਕੇਵਲ ਅਮੁੱਕ ਆਕਾਸ਼ ਹੁੰਦਾ ਹੈ,
ਓਕਰ,ਇਹ ਪਾਪ ਜਦੋਂ ਢਾ ਲਏ ਜਾਂਦੇ ਹਨ,
ਮਨੁੱਖ ਨਿਰਵਾਨ ਦੇ ਕੰਢੇ ਤਕ ਪਹੁੰਚਦਾ ਹੈ।
ਦੇਵਤੇ ਆਪਣੀ ਨੀਵੀਂ ਥਾਂ ਤੋਂ ਉਸਦਾ ਰਸ਼ਕ ਕਰਦੇ ਹਨ
ਉਹਨੂੰ ਤਿੰਨ ਲੋਕਾਂ ਦਾ ਉਜੜ ਜਾਣਾ ਵੀ ਡੁਲਾ ਨਹੀਂ ਸਕਦਾ,
ਸਾਰਾ ਜੀਵਨ ਉਹਦੇ ਲਈ ਜੀਵਿਆ ਜਾ ਚੁਕਾ ਹੈ,ਸਭ ਮੌਤਾਂ ਮਰ
ਚੁਕੀਆਂ ਹਨ;
ਕਰਮ ਉਹਦੇ ਲਈ ਨਵੇਂ ਘਰ ਨਹੀਂ ਬਣਾ ਸਕਦਾ।
ਉਹ ਕੁਝ ਨਹੀਂ ਢੂੰਡਦਾ,ਉਹ ਸਭ ਕੁਝ ਪਾ ਲੈਂਦਾ ਹੈ;
ਆਪਾ ਭੁਲਾ ਕੇ ਉਹਦੀ "ਮੈਂ" ਬ੍ਰਹਿਮੰਡ ਬਣ ਜਾਂਦੀ ਹੈ।
ਜੇ ਕੋਈ ਦਸੇ ਕਿ ਨਿਰਵਾਨ"ਮੁਕ ਜਾਣਾ" ਹੈ,
ਤਾਂ ਆਖੋ ਉਹ ਕੂੜ ਆਖਦਾ ਹੈ।
ਜੇ ਕੋਈ ਆਖੇ ਕਿ ਨਿਰਵਾਨ ਜਿਊਣਾ ਹੈ,
ਆਖੋ ਉਹ ਭੁਲਦਾ ਹੈ,ਉਸ ਨੂੰ ਇਸ ਦਾ ਪਤਾ ਨਹੀਂ
ਨਾ ਉਸ ਚਾਨਣ ਦਾ ਜਿਹੜਾ ਉਹਦੇ ਟੁਟੇ ਲੈਂਪ ਦੇ ਪਾਰਵਾਰ
ਚਮਕਦਾ ਹੈ,
ਨਾ ਉਹ ਜੀਵਨ-ਰਹਿਤ ਅਨੰਤ ਆਨੰਦ ਦਾ।
ਮਾਰਗ ਉਤੇ ਤੁਰੋ! ਘ੍ਰਿਣਾ ਵਰਗਾ ਕੋਈ ਰੰਜ ਨਹੀਂ!
ਨਾ ਕਾਮਨਾ ਵਰਗੀ ਕੋਈ ਪੀੜ,ਨਾ ਸੁਰਤੀ ਵਰਗਾ ਕੋਈ ਧੋਖਾ!
੧੯੫