ਪੰਨਾ:ਏਸ਼ੀਆ ਦਾ ਚਾਨਣ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਮੌਤ ਉਤੇ ਜੀਉਂ ਰਹੀ ਸੀ ਏਉਂ ਉਹ ਸੁਹਣੀ ਝਾਤੀ ਕਿਸੇ ਵਿਸ਼ਾਲ, ਜਾਂਗਲੀ ਤੇ ਡਰਾਉਣੇ ਕਤਲ-ਮਨਸੂਬੇ ਨੂੰ ਲੁਕਾ ਰਹੀ ਸੀ, ਕੀੜੇ ਤੋਂ ਮਨੁੱਖ ਤੱਕ,- ਤੇ ਮਨੁੱਖ ਆਪਣੇ ਸਾਥੀ ਨੂੰ ਮਾਰਦਾ ਹੈ; ਇਹ ਵੇਖ-ਭੁੱਖਾ ਕਿਸਾਨ ਤੇ ਉਹਦੇ ਸ਼ੁਹਦੇ ਡੰਗਰ, ਜਿਨ੍ਹਾਂ ਦੀਆਂ ਧੌਣਾਂ ਪੰਜਾਲੀ ਨਾਲ ਪੱਛੀਆਂ ਪਈਆਂ ਸਨ, ਇਹ ਜੀਵਨ ਦੀ ਪਰਬਲ ਇੱਛਾ ਜਿਹੜੀ ਜੀਵਨ ਨੂੰ ਇਕ ਖਿੱਚੋਤਾਣ ਬਣਾਂਦੀ ਹੈ- ਕੰਵਰ ਸਿਧਾਰਥ ਨੇ ਹਉਕਾ ਭਰਿਆ: "ਕੀ ਇਹੀ ਉਹ ਪ੍ਰਸੰਨ ਧਰਤੀ ਹੈ’’ ਉਸ ਆਖਿਆ,"ਜਿਹੜੀ ਇਹ ਮੈਨੂੰ ਵਿਖਾਣ ਆਏ ਹਨ? ਕਿਸਾਨ ਦੀ ਰੋਟੀ ਪਸੀਨੇ ਨਾਲ ਕੀਕਣ ਲੂਣੀ ਹੈ, ਬੈਲਾਂ ਦੀ ਸੇਵਾ ਕੇਡੀ ਕਠਿਨ ਹੈ! ਤੇ ਜੰਗਲ ਵਿਚ ਕਮਜ਼ੋਰ ਤੇ ਤਕੜੇ ਦਾ ਸੰਗ ਕੇਡਾ ਭਿਆਨਕ ਹੈ! ਆਕਾਸ਼ ਵਿਚ ਕਿਹੋ ਜਿਹੇ ਮਨਸੂਬੇ! ਪਾਣੀਆਂ ਵਿਚ ਵੀ ਕੋਈ ਪਨਾਹ ਨਹੀਂ। ਜ਼ਰਾ ਪਰ੍ਹਾਂ ਹੋ ਜਾਉ ਤੇ ਜੋ ਮੈਨੂੰ ਦਸਿਆ ਜੇ, ਉਹ ਮੈਨੂੰ ਵਿਚਾਰ ਲੈਣ ਦਿਓ!"

ਇਹ ਕਹਿ ਕੇ ਚੰਗੇ ਭਗਵਾਨ ਬੁਧ ਇਕ ਜਾਮਣੂੰ-ਬ੍ਰਿਛ ਹੇਠਾਂ ਬਹਿ ਗਏ, ਚੌਕੜੀ ਮਾਰ ਲਈ-ਜੀਕਰ ਪੂਜਯ ਬੁਧ ਬਹਿੰਦੇ ਹਨ-ਤੇ ਪਹਿਲੋਂ, ਏਸ ਜੀਵਨ ਦੇ ਡੂੰਘੇ ਰੋਗ ਉਤੇ ਵਿਚਾਰਨ ਲੱਗੇ, ਇਸ ਦੇ ਸੋਮੇ ਤੇ ਇਸ ਦੇ ਉਪਾਅ ਸੋਚਣ ਲੱਗੇ।"

੧੭

Digitized by Panjab Digital Library/ www.panjabdigilib.org