ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਦਿਕਾ
ਇਹ ਕਵਿਤਾ ਲਿਖੀ ਹੈ ਓਵੇਂ
ਜੀਕਰ ਸਾਡੀ ਮਾਂ ਬਣਾਵੇ ਰੋਟੀ ਸਬਜ਼ੀ

ਜੋੜ ਮੇਲ ਸਬਜ਼ੀ ਭਾਜੀ ਦਾ
ਖੱਟਣ-ਮਿੱਠ ਮਸਾਲੇ ਦੀ
ਜਾਂ ਫਿਰ ਜਾਚ ਪਰੋਸਣ ਦੀ
ਮਾਂ ਨੂੰ ਬਹੁਤਾ ਪਤਾ ਨਹੀਂ
ਫਿਰ ਵੀ ਉਹਦਾ ਅੰਨ ਪਕਾਇਆ ਚੰਗਾ ਲੱਗੇ

ਮਾਂ ਬਣਾਵੇ ਰੋਟੀ
ਜਦ ਮਾਂ ਨੂੰ ਭੁੱਖ ਲੱਗੇ
ਸਾਨੂੰ ਸਭ ਨੂੰ ਭੁੱਖ ਲੱਗੇ

ਜਦੋਂ ਬਣਾਈ ਸਬਜ਼ੀ ਮਾਂ ਨੂੰ ਚੰਗੀ ਲੱਗੇ
ਆਖੇ- "ਜਾਹ!
ਕੌਲ ਗੁਆਂਢੀਆਂ ਘਰ ਦੇ ਆ"
ਏਵੇਂ ਹੀ ਮੈਂ ਕਵਿਤਾ ਲੈ ਕੇ ਆਇਆ...

 ਮਾਂ ਘਰ ਆਈ ਸਬਜ਼ੀ ਦੀ
ਸਿਫ਼ਤ ਕਰੇ
ਜੇ ਸੱਚੀਂ ਚੰਗੀ ਲੱਗੇ
ਨਹੀਂ ਤਾਂ ਇਕ ਅੱਧ ਬੁਰਕੀ ਖਾ ਕੇ
ਰੱਖ ਦੇਵੇ
ਆਖੇ
"ਜਿਸਨੂੰ ਚੰਗੀ ਲੱਗੇ- ਖਾ ਲਏ"
ਆਪ ਕੰਮ ਲੱਗ ਜਾਵੇ

ਜੇ ਜੀਅ ਚਾਹੇ
ਤੁਸੀਂ ਵੀ ਏਵੇਂ ਕਰਨਾ...

(9)