ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਂਭ ਲਈਏ ਕਵਿਤਾ ਨੂੰ

ਸਾਂਭ ਲਈਏ ਕਵਿਤਾ ਨੂੰ ਉਸ ਵੇਲੇ ਲਈ...

ਚਾਰਦੀਵਾਰੀ ਕਮਰਿਆਂ ਅੰਦਰ ਪਰਦੇ ਘਰ ਦੇ ਬਾਹਰ ਹੋਣੇ
ਟੈਲੀਫ਼ੋਨ ਹੀ ਟੈਲੀਫ਼ੋਨ ਦਾ ਸੁੱਖ ਦੁੱਖ ਪੁੱਛਦੇ ਹੋਣੇ
ਨਾਨਕਿਆਂ ਦੀ ਥਾਵੇਂ ਬੱਚਿਆਂ 'ਜੁਰਾਸਿਕ ਪਾਰਕ' ਜਾਣਾ
ਆਪ ਮਸ਼ੀਨ ਬਣਾ ਕੇ ਬੰਦਿਆਂ ਉਸ ਤੋਂ ਪੱਛੜ ਜਾਣਾ
ਪੈਰਾਂ ਨੂੰ ਕਾਰਾਂ ਨੇ ਖੋਹਣਾ ਫੇਸਬੁੱਕ ਨੇ ਚਿਹਰਾ
ਔਣ ਜਾਣ ਦੇ ਸਾਧਨ ਹੁੰਦਿਆਂ ਮੇਲ ਗੇਲ ਮੁੱਕ ਜਾਣਾ
ਕੁੱਖ ਵਿਕਣੀ ਮਸਨੂਈ ਮਮਤਾ ਨੇ ਸਰਕਾਰੀ ਹੋਣਾ
ਮੰਮੀ ਡੈਡੀ ਇਕ ਦੂਜੇ ਨੂੰ ਹਫ਼ਤੇ ਪਿੱਛੋਂ ਤੱਕਣਾ
ਰਲ ਕੇ ਬਹਿਣ ਦੀ ਥਾਵੇਂ ਆਪਾਂ ਕੰਪਿਊਟਰ ਤੇ ਬਹਿਣਾ
ਇੰਟਰਨੈੱਟ ਤੇ ਮਿਲਣਾ ਕੁੱਲ ਦੁਨੀਆ ਦਾ ਗਿਆਨ
ਦੁੱਖ ਗੁਆਂਢੀ ਦਾ ਗੁੰਮਨਾਮ ਹੀ ਰਹਿਣਾ
ਯਾਦਾਂ ਹਾਸਿਆਂ ਰਿਸ਼ਤਿਆਂ ਨਾਲੋਂ ਘਰ ਵਿਚ ਡੁੱਬੇ ਬਹੁਤੇ ਹੋਣੇ
ਕਪੜੇ ਥੋੜ੍ਹੇ ਹੋਣੇ ਲਾਹੁਣ ਦੇ ਪੈਸੇ ਬਹੁਤੇ ਮਿਲਣੇ

ਹਰ ਇੱਕ ਬੰਦਾ ਸੈੱਲ ਫ਼ੋਨ ਤੇ ਇਕ ਦੂਜੇ ਨਾਲ ਜੁੜਿਆ ਹੋਣਾ
ਹਰ ਬੰਦਾ ਹਰ ਬੰਦੇ ਨਾਲੋਂ ਟੁੱਟਿਆ ਹੋਣਾ...

ਪਰ ਓਦੋਂ ਵੀ...

ਲੋਕਾਂ ਪਿਆਰ ਨੂੰ ਲੱਭਿਆ ਕਰਨਾ
ਚੁੱਪ ਦਾ ਤਰਸੇਵਾਂ ਨਾ ਮੁੱਕਣਾ
ਨਿਆਂ ਦਾ ਬਦਲ ਨਿਆਂ ਹੀ ਰਹਿਣਾ
ਸਾਹਾਂ ਦੇ ਫੰਭੇ ਬਾਝੋਂ ਦੁੱਖ ਹਰਾ ਨਾ ਹੋਣਾ
ਪਿੱਠ ਤੇ ਟਿਕਦਾ ਮੋਹ ਭਰਿਆ ਹੱਥ ਕਿਤੇ ਨਾ ਵਿਕਣਾ
ਦੋ ਅੱਖਾਂ 'ਚੋਂ ਸਗਲਾ ਜਗ ਪੂਰਾ ਨਾ ਦਿਸਣਾ...

ਏਸ ਵਾਸਤੇ
ਆਪੋ ਆਪਣੀ ਛਾਤੀ ਵਿੱਚ
ਲੁਕਾਅ ਕੇ ਰਖੀਏ
ਕਵਿਤਾ ਨੂੰ...

(13)