ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਸ ਜਨਮ ਨਾ ਜਨਮੇ ਮਾਧਉ

ਸਾਡੇ ਬੱਚੇ!
ਤੂੰ ਜੋ ਕੱਦ ਵਿੱਚ
ਮੇਰੇ ਨਹੁੰ ਤੋਂ ਨਿੱਕਾ ਸੈਂ
ਹਫ਼ਤੇ ਹਫ਼ਤੇ ਤੇਰੀ ਉਮਰਾ
ਮੇਰੇ ਪੋਟਿਆਂ ਤੋ ਥੋੜ੍ਹੀ ਸੀ
ਘਰ ਤੇਰਾ ਅਜੇ ਮਾਂ ਦੀ ਕੁੱਖ ਸੀ
ਤੂੰ ਤਾਂ ਨਹੀਂ ਰਿਹਾ...
ਅਸੀਂ ਹਾਲੇ ਵੀ ਤੇਰੇ
ਮਾਂ ਪਿਤਾ...

ਮਾਂ ਬਾਪ ਹੋ ਜਾਵਣ ਮਗਰੋਂ
ਮਾਂ ਬਾਪ ਨਾ ਹੋਣਾ।
ਕਿਵੇਂ ਅਸੰਭਵ ਹੁੰਦਾ...
ਪੱਲਾ ਖਾਲੀ ਹੁੰਦੇ ਸੁੰਦੇ
ਜੀਅ ਕਿੰਜ ਭਰਿਆ ਹੁੰਦਾ...

ਆਉਣ ਤੋਂ ਪਹਿਲਾਂ ਹੀ ਕੋਈ
ਕਿੱਦਾਂ ਜਾਂਦਾ...
ਇਹ ਸਭ ਤੇਰੇ
ਵਿਛੜਣ ਮਗਰੋਂ ਜਾਣਿਆ
ਕੁੱਖ ਤੇ ਹੱਥ ਧਰ ਮਾਂ ਆਖੇ
ਪਹਿਲੀ ਵਾਰ ਓਸ
"ਖਾਲੀ"- ਸ਼ਬਦ ਦਾ ਅਰਥ ਜਾਣਿਆ...

ਮਾਂ ਦੀ ਕੁੱਖ ਵਿਚ ਆ ਗਿਆ ਸੈਂ ਤੂੰ
ਕੁੱਖੋਂ ਬਾਹਰ ਆਉਣ ਸਮਾਂ
ਨਾ ਆਇਆ ਹਾਲੇ
ਹੁਣ ਜਾਣਿਆ...
ਸਮੇਂ ਤੋਂ ਪਹਿਲਾਂ ਹੀ ਘਟਨਾ ਦਾ ਵਾਪਰ ਜਾਣਾ
ਓਨਾ ਹੀ ਦੁਖਦਾਈ ਹੁੰਦਾ
ਜਿੰਨਾ ਸਮੇਂ ਤੋਂ ਪੱਛੜ ਜਾਣਾ...

(15)