ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੱਜੇ ਦਾਣੇ


ਭੁੱਜੇ ਦਾਣੇ ਮੂੰਹ ਵਿੱਚ ਪਾਵਾਂ
ਮਿੱਠੇ ਲੱਗਣ
ਭੁੱਖ ਮਿਟੇ
ਤ੍ਰਿਸ਼ਨਾ ਵੀ ਮਿਟਦੀ

ਭੁੱਜਿਆ ਦਾਣਾ
ਹੁਣ ਉੱਗਣ ਜੋਗਾ ਨਾ ਰਹਿਆ
ਨਾ ਹੀ ਇਸਨੂੰ ਪੰਛੀ ਖਾਵੇ
ਭੁੱਜਿਆ ਦਾਣਾ
ਕੇਵਲ ਮੇਰੀ ਭੁੱਖ ਜੋਗਾ ਹੈ

ਮੇਰੀ ਭੁੱਖ ਦੀ ਅੱਗ ਵਿੱਚ
ਉੱਗਣ ਜੋਗੇ ਮਰ ਜਾਂਦੇ
ਭੁੱਖ ਦੀ ਅੱਗ ਵਿੱਚ ਮੈਂ ਵੀ
ਉੱਗਣ ਜੋਗ ਨਾ ਰਹਿੰਦਾ

ਭੁੱਜੇ ਦਾਣੇ ਨਾਲ
ਉਦਰ ਦੀ ਅਗਨੀ ਬੁੱਝੇ
ਛਾਤੀ ਦੀ ਬਲ ਜਾਵੇ
ਧੁਖਦੇ ਸੁਪਨੇ ਸੋਚਾਂ ਹਾਵੇ

ਮੇਰੇ ਸੁਪਨੇ ਸੋਚਾਂ ਯਾਦਾਂ
ਭੁੱਜੇ ਦਾਣੇ
ਮੇਰੇ ਬਾਝੋਂ
ਹੋਰ ਕਿਸੇ ਦੇ ਕੰਮ ਨਾ ਆਵਣ


ਭੁੱਖ ਦੀ ਖਾਤਰ ਅੰਨ ਉਗਾਵਾਂ
ਕਿਹੜੇ ਰੱਬ ਨੂੰ ਭੁੱਖ ਲੱਗੀ ਸੀ
ਜੋ ਮੈਂ ਦਾਣੇ ਵਾਂਗੂੰ ਉੱਗਿਆ
ਭੁੱਜਿਆ
ਜਿਸਦੀ ਭੁੱਖ ਵਿੱਚ ਮਰ ਜਾਵਾਂਗਾ...?

(22)