ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਗ

ਵੇਲਾ ਸੀ ਕੋਈ...

ਫੁੱਲ ਖਿੜਣੇ
ਮੈਂ ਖੁਸ਼ਬੋ ਖੁਸ਼ਬੋ ਹੋਣਾ
ਖੁਸ਼ਬੋ ਵਾਂਗੂੰ ਮੇਰੀ ਚੁੰਨੀ ਉੱਡਣਾ
ਹਿਲਦੇ ਫੁੱਲ ਗੱਲਾਂ ਕਰਦੇ ਮੈਂ
ਫੁੱਲਾਂ ਵਾਂਗੂੰ ਹਿਲਣਾ
ਪੀਂਘ ਝੂਲਣੀ
ਮੈਂ ਪੀਂਘ ਤੋਂ ਪਾਰੀਂ ਉੱਡਣਾ
ਹਰ ਫੁੱਲ ਪੱਤੀ ਸੁਰਾਂ ਜਿਹੀ
ਭੌਰੇ ਦੀ ਬੰਸੀ ਵਜਦੀ
ਨਾਲੇ ਵਜਦੀ ਪੈਰ ਦੀ ਝਾਂਜਰ...

ਰੁੱਤ ਬਦਲੀ
ਮੈਂ ਬਾਗੀਂ ਨਾ ਜਾਵਾਂ ਭਾਵੇਂ
ਮਨ ਹਾਲੇ ਵੀ ਬਾਗੀਂ ਰਹਿੰਦਾ

ਅਗਲੀ ਰੁੱਤੇ
ਜਾਣ ਜਾਣ ਕਰਦਾ ਹੋਇਆ ਵੀ
ਮਨ ਭੈੜਾ ਕਿਧਰੇ ਨਾ ਜਾਵੇ

ਹੋਰਾਂ ਵਾਂਗੂੰ ਇਹ ਰੁੱਤ ਵੀ ਤੁਰ ਜਾਵੇ
ਤਨ ਦੇ ਅੰਦਰ ਬਾਗ ਆ ਵੱਸੇ
ਬਿਹਬਲ ਮਨ ਨਾ ਅਜੇ ਵਿਹਾਵੇ...



ਹੁਣ ਉਡੀਕਾਂ
ਅੰਤਮ ਰੁੱਤ ਨੂੰ
ਐਸੀ ਰੁੱਤ ਨੂੰ...

ਤਨ ਤੇ ਮਨ ਇੱਕੋ ਹੋ ਜਾਵੇ
ਅੰਤਰ ਬਾਹਰ
ਬਾਗ ਬਾਗ ਹੋ ਜਾਵੇ....

(25)