ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਾੜੀ


ਜਦ ਵੀ ਝਾੜੀ ਹੇਠੋਂ ਲੰਘਦਾ
ਸਿਰ ਖਾਤਰ
ਸਿਰ ਨੀਵਾਂ ਕਰਨਾ ਪੈਂਦਾ

ਜੀਅ ਕਰੇ
ਝਾੜੀ ਵੱਢ ਸੁੱਟਾਂ
"ਮੈਂ" ਦੇ ਰਾਹ ਵਿਚ ਖੜੀ
ਰੁਕਾਵਟ ਕੱਢ ਸੁੱਟਾਂ

ਜਦ ਵੀ ਚੁੱਕਾਂ ਆਰੀ
ਏਹੋ ਜਾਪੇ
ਹਰ ਵਾਰੀ...

ਝਾੜੀ ਮੇਰੇ ਆਉਣ ਤੋਂ ਪਹਿਲਾਂ ਸੀ ਏਥੇ
ਮੇਰੇ ਨਾ ਹੋਵਣ ਮਗਰੋਂ ਵੀ ਹੋਣੀ ਏਥੇ
ਉਹ ਮੇਰੇ ਨਹੀਂ
ਮੈਂ ਹੀ ਉਹਦੇ ਰਾਹ ਵਿੱਚ ਆਇਆ...

ਸਾਰੀ ਸਰਦੀ
ਕਸ਼-ਮ-ਕਸ਼ ਵਿੱਚ ਬੀਤੀ...

ਚੜ੍ਹਿਆ ਚੇਤਰ
ਸੋਹਣੇ ਫੁੱਲਾਂ ਨਾਲ ਭਰੀ
ਝਾੜੀ ਮਹਿਕੀ


ਹੁਣ ਜਦ ਝਾੜੀ ਕੋਲੋਂ ਲੰਘਾਂ
ਸਿਰ ਆਪੇ ਝੁਕ ਜਾਵੇ...
ਹਰ ਝਾੜੀ ਰੁੱਖ ਬੂਟੇ ਉੱਤੇ
ਫੁੱਲ ਦਿਸੇ
ਹਰ ਰੁੱਤੇ...

(26)