ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਦੀ ਤੇ ਕੰਢਾ

ਨਦੀਏ ਨੀ!
ਮੈਂ ਕੰਢੇ ਨੇ
ਤੈਨੂੰ ਆਪਣੀਆਂ ਬਾਹਾਂ ਵਿੱਚ
ਸਾਂਭ ਲਿਆ ਹੈ

ਤੇਰੀ ਡੂੰਘਾਈ-
ਮੇਰੀ ਉਚਾਈ-
ਇੱਕ ਦੂਜੇ ਦੇ ਉਲਟ ਨਹੀਂ
ਇੱਕ ਦੂਜੇ ਵਿੱਚ ਵਾਧਾ ਕਰਦੇ

ਜੁੜ ਕੇ ਰਹੀਏ ਆਪਾਂ
ਫਿਰ ਵੀ
ਤੂੰ ਮੇਰੇ ਵਿੱਚ ਗੁੰਮ ਨਾ ਜਾਵੇਂ
ਮੈਂ ਤੇਰੇ ਵਿੱਚ ਖੁਰ ਨਾ ਜਾਵਾਂ
ਤੇਰੀ ਮੇਰੀ ਹਸਤੀ
ਤਦ ਹੀ ਬਚਦੀ

ਬੇਸ਼ਕ ਵੇਖਣ ਨੂੰ ਇਹ ਜਾਪੇ
ਤੂੰ ਵਗਦੀ
ਮੈਂ ਖੜਾ ਖੜੋਤਾ
ਪਰ ਜਦ ਕੱਠੇ ਰਹਿੰਦੇ
ਆਪਾਂ ਦੋਵੇਂ ਹੀ
ਸਾਗਰ ਅੱਪੜ ਜਾਂਦੇ...

(32)