ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਨਦੀ ਵਹਿ ਰਹੀ
ਨਾਲ ਵਹਿ ਰਹੇ
ਸਿੱਪੀਆਂ ਲੱਕੜਾਂ
ਰੇਤਾ ਪੱਥਰ
ਫੁੱਲ ਅਸਥੀਆਂ...

ਸਭ ਕੁਝ ਆਪਣੀ ਚਾਲੇ ਵਹਿੰਦਾ
ਨਾਲ ਨਦੀ ਦੇ

ਨਾ ਕੋਈ ਵਗਦਾ ਛੇਤੀ
ਨਾ ਕੋਈ ਰਹਿੰਦਾ ਪਿੱਛੇ
ਨਾ ਕਾਹਲੀ ਵਿਚ ਅੱਗੇ
ਸਾਰੇ ਜਾਣਨ...
ਸਹਿਜ ਸੁਭਾਏ ਵਹਿੰਦੇ ਵਹਿੰਦੇ
ਸਭ ਨੇ ਸਾਗਰ ਅੱਪੜ ਜਾਣਾ
ਰਹਿ ਜਾਣਾ ਬਸ ਓਹੀ ਜਿਸਨੂੰ
ਵਹਿਣ ਅਦਬ ਨਾ ਹੋਣਾ...

ਨਦੀ ਫ਼ਿਕਰ ਨਾ ਕਰਦੀ
ਉਸ ਵਿਚ ਕਿੰਨਾ ਪਾਣੀ
ਘੱਟ ਹੋਏ ਤਾਂ ਸੋਗ ਨਾ ਕਰਦੀ
ਵੱਧ ਹੋਏ ਹਉਮੈ ਨਾ ਕਰਦੀ
ਸ਼ਾਇਦ ਪਤਾ ਹੈ ਉਸਨੂੰ
ਉਹ ਪਾਣੀ ਨੂੰ ਜਨਮ ਨਾ ਦੇਵੇ
ਕੇਵਲ ਰਾਹ ਦੇਵੇ

ਨਦੀ ਹੈ ਦਾਈ
ਪਾਣੀ- ਸਾਗਰ ਮਾਂ ਦਾ ਬਾਲ
ਮਾਂ ਨੂੰ ਜਾ ਪਰਤਾਅ ਦੇਂਦੀ ਹੈ
ਕੰਢੇ ਬਾਹਾਂ ਵਿਚ ਸੰਭਾਲ

ਕਦੇ ਨਦੀ- ਕਵੀ ਹੋ ਜਾਵੇ
ਕਵਿਤਾ ਪਾਣੀ- ਜਿੰਨ੍ਹਾਂ ਦਾ ਹੈ
ਓਨ੍ਹਾਂ ਨੂੰ ਹੀ ਜਾ ਪਰਤਾਵੇ....

(45)